
ਖੰਨਾ, 17 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਇਸ ਵਾਰ ਚੋਣ ਮੁਕਾਬਲਾ ਫ਼ਸਵਾਂ ਹੋਣ ਕਾਰਨ ਹਰ ਵਰਗ ਦੇ ਵੋਟਰਾਂ ’ਚ ਭਾਰੀ ਉਤਸ਼ਾਹ ਹੈ। ਹਰ ਪਾਰਟੀ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ, ਇਸ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ’ਚ ਉਤਸ਼ਾਹ ਦੇਖਣ ਵਾਲਾ ਹੈ। ਇਸ ਮੌਕੇ ਅੰਮ੍ਰਿਤਪਾਲ ਵਿਰਦੀ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਨੌਜਵਾਨ ਦੇਸ਼ ਜਾਂ ਕਿਸੇ ਸੂਬੇ ਦੀਆਂ ਚੋਣਾਂ ’ਚ ਆਪਣਾ ਅਹਿਮ ਰੋਲ ਨਿਭਾਉਂਦੇ ਹਨ। ਉਹ ਇਸ ਵਾਰ ਪਹਿਲੀ ਵਾਰ ਵੋਟ ਪਾ ਰਹੇ ਹਨ ਅਤੇ ਲੋਕਤੰਤਰੀ ਯੱਗ ਵਿਚ ਪਹਿਲੀ ਵਾਰ ਹਿੱਸਾ ਪਾਉਣਗੇ। ਇਸ ਲਈ ਸਾਨੂੰ ਆਪਣੇ ਵੋਟ ਅਧਿਕਾਰ ਦੀ ਸਹੀ ਵਰਤੋਂ ਕਰਦਿਆਂ ਉਸ ਪਾਰਟੀ ਦੀ ਹਿਮਾਇਤ ਕਰਨੀ ਚਾਹੀਦੀ ਹੈ ਜੋ ਹਰ ਵਰਗ ਦੇ ਨਾਲ-ਨਾਲ ਨੌਜਵਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕਰ ਰਹੀ ਹੋਵੇ। ਉਸ ਵੱਲੋਂ ਨੌਕਰੀਆਂ, ਸਿਹਤ ਸਹੂਲਤਾਂ, ਪੜ੍ਹਾਈ ਦਾ ਉੱਚਾ ਮਿਆਰ, ਸੂਬੇ ਦੀ ਆਰਥਿਕਤਾ ਨੂੰ ਵਧਾਉਣ ਦੇ ਕੀਤੇ ਯਤਨ, ਨਸ਼ਿਆਂ ਦਾ ਖਾਤਮਾ ਆਦਿ ਸਮੱਸਿਆਵਾਂ ਕੰਟਰੋਲ ਕਰਨ ਦੀ ਸ਼ਕਤੀ ਹੋਵੇ। ਉਨ੍ਹਾਂ ਨਵੇਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰਾਂ ਨੂੰ ਵੀ ਵੋਟ ਕਰਕੇ ਅੱਗੇ ਲਿਆਉਣ।






