
ਨਵੀਂ ਦਿੱਲੀ, (ਏਜੰਸੀ) : ਕੇਂਦਰੀ ਰੇਲਵੇ ਨੇ ਕਾਰਬਨ ਨਿਕਾਸੀ ‘ਚ ਕਮੀ ਲਿਆਉਣ ਲਈ ਟ੍ਰੇਨਾਂ ਰਾਹੀਂ ਕਾਰਾਂ ਢੋਅਣ ‘ਤੇ ਜ਼ੋਰ ਦਿੱਤਾ ਹੈ। ਇਸ ਨਾਲ ਭਾਰਤੀ ਰੇਲਵੇ ਨੂੰ 2030 ਤਕ ‘ਨੈੱਟ ਜ਼ੀਰੋ’ ਕਾਰਬਨ ਨਿਕਾਸੀ ਦਾ ਟੀਚਾ ਹਾਸਲ ਕਰਨ ‘ਚ ਮਦਦ ਮਿਲੇਗੀ। ਕੇਂਦਰੀ ਰੇਲਵੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਆਟੋਮੋਬਾਈਲ ਕੰਪਨੀਆਂ ਦੇ ਸਹਿਯੋਗ ਨਾਲ ਕੇਂਦਰੀ ਰੇਲਵੇ ਨੇ ਦੇਸ਼ ਦੇ ਹੋਰ ਹਿੱਸਿਆਂ ਲਈ ਕਾਰਾਂ ਢੋਅਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਾਮਾਨ ਤੇ ਪਾਰਸਲ ਸੈਕਟਰ ‘ਚ ਰੇਲ ਦੀ ਸਾਂਝੇਦਾਰੀ ਵਧਾਉਣ ਲਈ ਬਣਾਈ ਕਾਰੋਬਾਰੀ ਵਿਕਾਸ ਇਕਾਈਆਂ (ਬੀਡੀਯੂ) ਨੇ ਉਦਯੋਗ ਤੇ ਸੈਕਟਰ ਅਨੁਸਾਰ, ਲਿਆਉਣ ਤੇ ਪਹੁੰਚਾਉਣ ਦਾ ਅੰਕੜਾ ਤਿਆਰ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਨਾਲ ਆਹਮੋ-ਸਾਹਮਣੇ ਦੀ ਬੈਠਕ ਦਾ ਨਤੀਜਾ ਆਟੋਮੋਬਾਈਲ ਦੀ ਲਦਾਈ ਵਧਾਉਣ ਵਜੋਂ ਸਾਹਮਣੇ ਆਇਆ ਹੈ। ਇਸ ਤਰੀਕੇ ਨਾਲ ਨਵੀਆਂ ਬਣੀਆਂ ਗੱਡੀਆਂ ਨੂੰ ਇਸ ਦੇ ਪਲਾਂਟ ਵਿਚੋਂ ਪੂਰੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਡੀਲਰਾਂ ਤਕ ਪਹੁੰਚਾਉਣ ਦੇ ਸਮੇਂ ‘ਚ ਕਮੀ ਆਈ ਹੈ।
ਆਟੋਮੋਬਾਈਲ ਦੀ ਢੋਆਈ ਨਿਰਧਾਰਤ ਰੈਕ ‘ਚ ਵੀ ਕੀਤੀ ਜਾਂਦੀ ਹੈ। ਇਕ ਰੈਕ 118 ਵਾਹਨਾਂ ਨੂੰ ਲਿਆ-ਲਿਜਾ ਸਕਦਾ ਹੈ ਜਦਕਿ ਬੀਸੀਏਸੀਬੀਐੱਮ ਰੈਕ ਕਰੀਬ 300 ਵਾਹਨਾਂ ਦੀ ਢੋਆਈ ਕਰਨ ‘ਚ ਸਮਰੱਥ ਹੈ। ਮੌਜੂਦਾ ‘ਚ ਆਟੋਮੋਬਾਈਲ ਆਵਾਜਾਈ ਲਈ ਨਿਊ ਮੋਡੀਫਾਈਡ ਗੁੱਡਸ ਰੈਕ ਤੇ ਨਿੱਜੀ ਮਾਲਕੀ ਵਾਲੇ ਬੀਸੀਏਸੀਬੀਐੱਮ ਰੈਕ ਦੀ ਵਰਤੋਂ ਕੀਤੀ ਜਾ ਰਹੀ ਹੈ।




