ਖੰਨਾ, 19 ਮਈ (ਪਰਮਜੀਤ ਸਿੰਘ ਧੀਮਾਨ) – ਪੰਜਾਬ ਪੁਲਿਸ ਮਹਿਕਮੇ ਵਿਚ ਪੰਜਾਬ ਪੱਧਰ ਤੇ ਪੁਲਿਸ ਮੁਲਾਜ਼ਮਾਂ ਦੀ ਕਮੀ ਪਾਈ ਜਾ ਰਹੀ ਹੈ, ਉਸ ਵਿਚ ਪੁਲਿਸ ਜ਼ਿਲ੍ਹਾ ਖੰਨਾ ਦਾ ਵੀ ਨਾਂਅ ਆਉਂਦਾ ਹੈ। ਇਹ ਗੱਲ ਅੱਜ ਇਥੇ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਹੀ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਵਿਚ ਕਰੀਬ 40 ਤੋਂ 50 ਪ੍ਰਤੀਸ਼ਤ ਤੱਕ ਪੁਲਿਸ ਮੁਲਾਜ਼ਮਾਂ ਦੀ ਕਮੀ ਪਾਈ ਜਾ ਰਹੀ ਹੈ, ਜਿਸ ਨੂੰ ਦੇਖਦਿਆਂ ਉਨ੍ਹਾਂ ਹਾਈਕਮਾਂਡ ਤੋਂ ਮੰਗ ਕੀਤੀ ਕਿ ਪੁਲਿਸ ਜ਼ਿਲ੍ਹਾ ਖੰਨਾ ਨੂੰ ਵੱਧ ਫੋਰਸ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਹਲਕੇ ਵਿਚ ਕਿਸੇ ਕਿਸਮ ਦੀ ਕਾਨੂੰਨ ਤੇ ਵਿਵਸਥਾ ਵਿਚ ਕੁਤਾਹੀ ਹੋਵੇੇ। ਉਨ੍ਹਾਂ ਕਿਹਾ ਕਿ ਐਸ. ਐਸ. ਪੀ. ਰਵੀ ਕੁਮਾਰ ਹਲਕੇ ਵਿਚ ਵਧੀਆ ਕੰਮ ਕਰ ਰਹੇ ਹਨ ਅਤੇ ਵੱਡੇ ਪੱਧਰ ’ਤੇ ਚੱਲ ਰਹੇ ਨਜਾਇਜ਼ ਧੰਦਿਆਂ ’ਤੇ ਕਾਬੂ ਪਾਇਆ ਹੈ। ਵਿਧਾਇਕ ਸੌਂਦ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੈਂਪ ਲਾਏ ਜਾਣਗੇ। ਇਸ ਮੌਕੇ ਐਸ. ਐਸ. ਪੀ. ਰਵੀ ਕੁਮਾਰ ਨੇ ਕਿਹਾ ਕਿ ਪੁਲਿਸ ਹਮੇਸ਼ਾਂ ਲੋਕਾਂ ਲਈ ਹੈ ਅਤੇ ਕੋਈ ਵੀ ਵਿਅਕਤੀ ਮੇਰੇ ਨੰਬਰ ਤੇ ਰਾਤ 12 ਤੋਂ 2 ਵਜੇ ਤੱਕ ਜਦੋਂ ਚਾਹੇ ਫੋਨ ਕਰ ਸਕਦਾ ਹੈ। ਉਨ੍ਹਾਂ ਸੀਨੀਅਰ ਪੁਲਿਸ ਅਫ਼ਸਰਾਂ ਤੋਂ ਮੰਗ ਕੀਤੀ ਕਿ ਖੰਨਾ ’ਚ ਪੁਲਿਸ ਨਫਰੀ ਘੱਟ ਹੈ। ਇਸ ਲਈ ਖੰਨਾ ਨੂੰ ਹੋਰ ਪੁਲਿਸ ਮੁਲਾਜ਼ਮ ਦਿੱਤੇ ਜਾਣ ਤਾਂ ਜੋ ਇਲਾਕੇ ਦੀ ਸੁਰੱਖਿਆ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕੇ।




