
ਫਤਹਿਆਬਾਦ, (ਸੋਨੂੰ ਸਹੋਤਾ) : ਕਸਬਾ ਖਡੂਰ ਸਾਹਿਬ ਨਜ਼ਦੀਕ ਸਕੂਟਰੀ ਤਿਲਕਣ ਕਾਰਨ ਉਸ ‘ਤੇ ਸਵਾਰ ਬਜ਼ੁਰਗ ਜੋੜਾ ਸੂਏ ਵਿਚ ਜਾ ਡਿੱਗਾ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਘਟਨਾ ਸਥਾਨ ਤੋਂ 10 ਕਿਲੋਮੀਟਰ ਦੂਰੀ ਤੋਂ ਮਿਲੀਆਂ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਲਈਆਂ ਹਨ। ਮਿ੍ਤਕਾਂ ਦੀ ਪਛਾਣ ਕੇਵਲ ਸਿੰਘ (70) ਪੁੱਤਰ ਕਸ਼ਮੀਰ ਸਿੰਘ ਅਤੇ ਉਸਦੀ ਪਤਨੀ ਕਸ਼ਮੀਰ ਕੌਰ (65) ਵਾਸੀ ਪਿੰਡ ਜੱਲੂਵਾਲ ਰਈਆ ਵਜੋਂ ਹੋਈ ਹੈ। ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਬਜੁਰਗ ਜੋੜਾ ਸਕੂਟਰੀ ‘ਤੇ ਸਵਾਰ ਹੋ ਕੇ ਖਡੂਰ ਸਾਹਿਬ ਆਪਣੀ ਲੜਕੀ ਨੂੰ ਮਿਲਣ ਲਈ ਆ ਰਹੇ ਸਨ ਅਤੇ ਨਾਗੋਕੇ ਘਰਾਟ ਤੋਂ ਸੂਏ ਦੀ ਪੱਟੜੀ ਰਾਂਹੀ ਖਡੂਰ ਸਾਹਿਬ ਵੱਲ ਪੈ ਗਏ। ਰਸਤੇ ਵਿਚ ਇਨ੍ਹਾਂ ਦੀ ਸਕੂਟਰੀ ਸਲਿੱਪ ਹੋਣ ਕਰਕੇ ਦੋਵੇਂ ਬਜੁਰਗ ਸੂਏ ਵਿਚ ਜਾ ਡਿੱਗੇ ਅਤੇ ਪਾਣੀ ਦੇ ਤੇਜ਼ ਵਹਾਅ ‘ਚ 10 ਕਿਲੋਮੀਟਰ ਤਕ ਰੁੜ੍ਹ ਗਏ। ਪਿੰਡ ਫੈਲੋਕੇ ਕੋਲੋਂ ਦੋਵਾਂ ਨੂੰ ਨਹਿਰ ਵਿਚ ਰੁੜ੍ਹਦਿਆਂ ਵੇਖ ਸਮਾਜ ਸੇਵੀ ਜਸਵਿੰਦਰ ਸਿੰਘ ਲਾਲੀ ਨੇ ਦੋਵਾਂ ਨੂੰ ਬਾਹਰ ਕੱਿਢਆ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।






