ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਸ.ਸਿਮਰਜੀਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਈ ਵੀ ਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਗੱਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਸ.ਸਿਮਰਜੀਤ ਸਿੰਘ ਬੈਂਸ ਵੱਲੋਂ ਲੋਕਤੰਤਰ ਨੂੰ ਬਚਾਉਣ ਲਈ ਵਿਧਾਨ ਸਭਾ ਵਿੱਚ ਈ ਵੀ ਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਚੁੱਕੇ ਗਏ ਮੁੱਦੇ ਦੀ ਸਲਾਘਾ ਕਰਦਿਆਂ ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਈ ਵੀ ਐਮ ਦੀ ਜਗਾ ਬੈਲਟ ਪੇਪਰ ਨਾਲ ਚੋਣਾਂ ਕਰਵਾਏਗੀ ਤਾਂ ਆਪਣੇ ਆਪ ਹੀ ਪਾਰਦਰਸ਼ੀ ਲੋਕਤੰਤਰ ਦੀ ਬਹਾਲੀ ਹੋ ਜਾਵੇਗੀ। ਇਸ ਮੁੱਦੇ ਉੱਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਏਪੁਰ ਨੇ ਕਿਹਾ ਕਿ ਸ. ਸਿਮਰਜੀਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੋਰਾਨ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦਾ ਮੁੱਦਾ ਚੁੱਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਇਨਸਾਫ਼ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ। ਜਿਸਦਾ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੇ ਸਮਰਥਨ ਕਰਕੇ ਬੈਂਸ ਦੀ ਸੋਚ ਨੂੰ ਸਹੀ ਸਾਬਤ ਕੀਤਾ ਹੈ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਵੱਖੋ ਵੱਖਰੀਆਂ ਥਾਵਾਂ ਤੇ ਵੱਖ-ਵੱਖ ਆਈ. ਟੀ. ਮਾਹਿਰਾਂ ਨੇ ਮੀਡੀਆਂ ਸਾਹਮਣੇ ਪਰਯੋਗ ਕਰਕੇ ਇਹ ਸਿੱਧ ਕੀਤਾ ਹੈ ਕਿ ਈ ਵੀ ਐਮ ਵਿੱਚ ਸੈਟਿੰਗ ਕਰਕੇ ਆਪਣੇ ਮਰਜ਼ੀ ਦੇ ਉਮੀਦਵਾਰ ਜਾਂ ਕਿਸੇ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪੁਆਈਆਂ ਜਾ ਸਕਦੀਆਂ ਹਨ, ਵੋਟਰ ਭਾਵੇਂ ਜਿਹੜਾ ਮਰਜ਼ੀ ਬੱਟਣ ਦੱਬੀ ਜਾਵੇ। ਪਾਰਟੀ ਪ੍ਰਧਾਨ ਸ. ਬੈਂਸ ਨੇ ਦੱਸਿਆ ਕਿ ਈ ਵੀ ਐਮ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣਾ ਭਾਰਤੀ ਸੰਵਿਧਾਨ ਦੇ ਆਰਟੀਕਲ 328 ਤਹਿਤ ਸੂਬਾ ਸਰਕਾਰਾਂ ਨੂੰ ਅਧਿਕਾਰ ਹੈ। ਇਸ ਪ੍ਰਸਤਾਵ ਦਾ ਨਵਜੋਤ ਸਿੰਘ ਸਿੱਧੂ, ਹਰਪਾਲ ਸਿੰਘ ਚੀਮਾਂ ਤੈ ਆਕਾਲੀ ਵਿਧਾਇਕ ਸਰਨਜੀਤ ਸਿੰਘ ਢਿੱਲੋਂ ਨੇ ਭਰਪੂਰ ਸਮਰਥਨ ਕੀਤਾ। ਡਿਪਟੀ ਸਪੀਕਰ ਨੇ ਇਸ ਮਾਮਲੇ ਲਈ ਕਮੇਟੀ ਬਣਾਉਣ ਦਾ ਵਿਧਾਇਕ ਬੈਂਸ ਨੂੰ ਵਿਸ਼ਵਾਸ ਦਿਵਾਇਆ।
ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੇਦਰ ਸਰਕਾਰ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਇਹ ਮੌਜੂਦਾ ਸਰਕਾਰਾਂ ਵੀ ਈ ਵੀ ਐਮ ਮਸੀਨਾਂ ਦੀ ਹੀ ਦੇਣ ਹੈ। ਜੇਕਰ ਵੋਟਾਂ ਬੈਲਟ ਪੇਪਰ ਰਾਹੀਂ ਪੈਦੀਆ ਤਾਂ ਨਤੀਜੇ ਕੁਝ ਹੋਰ ਹੀ ਹੋਣੇ ਸੀ। ਰਾਏਪੁਰ ਨੇ ਸਮੁੱਚੀ ਕਿਸਾਨ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਜਿਥੇ ਪੰਜ ਸੂਬਿਆਂ ਵਿੱਚ ਅਸੀਂ ਬੀ ਜੇ ਪੀ ਦਾ ਵਿਰੋਧ ਕਰ ਰਹੇ ਹਾਂ, ਉਥੇ ਈ ਵੀ ਐਮ ਦਾ ਵੀ ਵਿਰੋਧ ਕਰੀਏ ਅਤੇ ਚੋਣਾਂ ਵਿੱਚ ਬੈਲਟ ਪੇਪਰ ਦੀ ਮੰਗ ਰੱਖੀਏ। ਤਾਂ ਜੋ ਮੋਦੀ ਸਰਕਾਰ ਦਾ ਹੰਕਾਰ ਤੋੜ ਸਕੀਏ ਅਤੇ ਅਸੀਂ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਸਫ਼ਲ ਹੋ ਸਕੀਏ। ਅੰਤ ਵਿੱਚ ਰਾਏਪੁਰ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਮੰਗ ਕਰਦੀ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ 328 ਦੇ ਤਹਿਤ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਸਾਰੀਆਂ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ ਤਾਂ ਜੋ ਲੋਕਾਂ ਵੱਲੋਂ ਚੁਣੇ ਹੋਏ ਨੁਮਾਇਂਦੇ ਹੀ ਸਤਾ ਸੰਭਾਲ ਸਕਣ। ਰਾਏਪੁਰ ਨੇ ਕਿਹਾ ਕਿ ਸਾਡਾ ਆਗੂ ਮੱਤਪੇਟੀ ਦੇ ਗਰਭ ਵਿੱਚੋਂ ਨਿਕਲਣਾ ਚਾਹੀਦਾ ਹੈ ਨਾ ਕੇ ਈ. ਵੀ. ਐਮ. ਦੀ ਠੱਗੀ ਵਿੱਚੋਂ।






