ਕੋਰੋਨਾ ਮਹਾਂਮਾਰੀ ਦੇ ਦੌਰਾਨ ਲੇਬਰ ਯੂਪੀ ਬਿਹਾਰ ਤੋਂ ਪੰਜਾਬ ਨਹੀਂ ਪਹੁੰਚੀ : ਭਾਰੀ ਮੁਸ਼ਕਲਾਂ ਆ ਰਹੀਆਂ ਕਿਸਾਨਾਂ ਨੂੰ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਸਰਕਾਰ ਦੇ ਵੱਲੋਂ 10 ਜੂਨ ਨੂੰ ਪੰਜਾਬ ਭਰ ਦੇ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਮੱਲੇਵਾਲ ਵਿਖੇ ਕਿਸਾਨਾਂ ਦੇ ਵੱਲੋਂ ਲੇਬਰ ਦੀ ਘਾਟ ਹੋਣ ਦੇ ਕਾਰਨ ਮਸ਼ੀਨ ਦੇ ਜ਼ਰੀਏ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੇ ਗਈ, ਕਿਉਂਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੇਬਰ ਯੂਪੀ ਬਿਹਾਰ ਤੋਂ ਪੰਜਾਬ ਨਹੀਂ ਪਹੁੰਚੇ। ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਗੁਰਬਚਨ ਸਿੰਘ ਮੱਲੇਵਾਲ ਨੇ ਕਿਹਾ ਕਿ ਅਸੀਂ ਮਸ਼ੀਨ ਦੇ ਨਾਲ ਬਿਜਾਈ ਕਰ ਰਹੇ ਹਾਂ, ਕਿਉਂਕਿ ਲੇਬਰ ਦੀ ਘਾਟ ਬਹੁਤ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੇ ਤੰਜ ਕੱਸਦੇ ਕਿਹਾ ਕਿ ਇਕ ਪਾਸੇ ਜਿਥੇ ਮਹਿੰਗਾਈ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਉਥੇ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਕਾਰਨ ਮਹਿੰਗਾਈ ਵਧੀ ਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਸਮਰਥਨ ਮੁੱਲ ਵਿੱਚ 72 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਰ ਇਸ ਵਾਧੇ ਦੇ ਨਾਲ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ ਕਿਉਂਕਿ ਮਹਿੰਗਾਈ ਦਿਨੋਂ-ਦਿਨ ਆਸਮਾਨ ਨੂੰ ਛੂਹ ਰਹੀ ਹੈ। ਇਸ ਦੀ ਮਾਰ ਸਿਰਫ਼ ਤੇ ਸਿਰਫ਼ ਕਿਸਾਨਾਂ ਤੇ ਹੀ ਪਵੇਗੀ।






