
ਬਿਲਗਾ, (ਪੱਤਰ ਪ੍ਰੇਰਕ) : ਥਾਣਾ ਬਿਲਗਾ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਮੁੱਖ ਅਫਸਰ ਥਾਣਾ ਬਿਲਗਾ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏਐੱਸਆਈ ਮੋਹਣ ਲਾਲ ਸਮੇਤ ਪੁਲਿਸ ਪਾਰਟੀ ਫਰਵਾਲਾ ਬੱਸ ਅੱਡੇ ‘ਤੇ ਮੌਜੂਦ ਸੀ। ਨੂਰਮਹਿਲ ਸਾਈਡ ਤੋਂ ਇਕ ਵਿਅਕਤੀ ਮੋਟਰ ਸਾਈਕਲ ‘ਤੇ ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 240 ਨਸ਼ੀਲੇ ਕੈਪਸੂਲ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਪਰਮਵੀਰ ਸਿੰਘ ਉਰਫ ਪੰਮਾ ਵਾਸੀ ਨਵਾ ਪਿੰਡ ਥਾਣਾ ਗੁਰਾਇਆ ਵਜੋਂ ਹੋਈ ਹੈ। ਇਸੇ ਤਰ੍ਹਾਂ ਏਐੱਸਆਈ ਧਰਮ ਪਾਲ ਸਮੇਤ ਪੁਲਿਸ ਪਾਰਟੀ ਬਿਲਗਾ ਤੋਂ ਸੰਗੋਵਾਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਬੱਸ ਅੱਡਾ ਸੰਗੋਵਾਲ ਪਹੁੰਚੀ ਤਾਂ ਪਿੰਡ ਸੰਗੋਵਾਲ ਵੱਲੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 6750 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਸੰਗੋਵਾਲ ਵਜੋਂ ਹੋਈ ਹੈ। ਇੱਕ ਹੋਰ ਮਾਮਲੇ ‘ਚ ਏਐੱਸਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਿਲਗਾ ਤੋਂ ਪਿੰਡ ਭੋਡੇ ਵੱਲ ਗਸ਼ਤ ਕਰ ਰਹੀ ਸੀ ਤਾਂ ਟੀ ਪੁਆਇੰਟ ਪਿੰਡ ਭੋਡੇ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁੱਝ ਵਿਅਕਤੀ ਪਿੰਡ ਭੋਡੇ ਧੁੱਸੀ ਬੰਨ ਦਰਿਆ ਸਤਲੁਜ ‘ਤੇ ਡਿੱਗੀਆ ਤੇ ਡਰੰਮ ‘ਚ ਲਾਹਣ ਪਾਕੇ ਨਾਜਾਇਜ ਸ਼ਰਾਬ ਕਸੀਦ ਕਰਨ ਦਾ ਧੰਦਾ ਕਰਦੇ ਹਨ। ਪੁਲਿਸ ਰੇਡ ਕੀਤੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਨਾਮਾਲੂਮ ਵਿਅਕਤੀ ਮੌਕੇ ਤੋਂ ਦੌੜ ਗਏ। ਪੁਲਿਸ ਨੇ ਮੌਕੇ ਤੋਂ 1,12,500 ਐੱਮਐੱਲ ਸ਼ਰਾਬ ਨਾਜਾਇਜ਼, 3000 ਲੀਟਰ ਲਾਹਣ, 2 ਡਰੰਮ ਲੋਹਾ ਬਰਾਮਦ ਕੀਤੇ। ਪੁਲਿਸ ਨੇ ਸਾਰੇ ਮਾਮਲਿਆਂ ‘ਚ ਪਰਚੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






