17.1 C
Chandigarh

TODAY NOW NEWS

Thursday, March 19, 2026

( ਸੁਪਨਾ ਕਿ ਸੱਚ )

ਉਹ ਸੋਚਦੀ
ਇਹ ਸੁਪਨਾ ਹੈ ਕਿ ਸੱਚ
ਪਾਪਾ ਜੀ ਸੁਪਨੇ ਵਿੱਚ
ਮੈਨੂੰ ਮਿਲਣ ਆਏ
ਕਹਿੰਦੇ ਧੀਏ ਤੂੰ ਠੀਕ ਤੇ ਹੈ
ਮੈਨੂੰ ਲੱਗਾ ਤੂੰ ਮੈਨੂੰ ਯਾਦ ਕਰ ਰਹੀ ਹੈ
ਤੂੰ ਮੈਨੂੰ ਦੁੱਖੀ ਦਿਖਾਈ ਦਿੱਤੀ
ਤੇਰੀ ਤਬੀਅਤ ਠੀਕ ਨਹੀਂ
ਤੇਰਾ ਹਾਲ ਦੇਖਿਆ ਨਹੀਂ ਜਾਂਦਾ
ਤੇਰੀ ਮਾਂ ਨੇ ਕਿਹਾ ਜਾਓ ਜਾ ਕੇ
ਧੀ ਦੀ ਖ਼ਬਰ-ਸਾਰ ਤੇ ਲੈ ਕੇ ਆਉ
ਤੇਰਾ ਘਰ ਬਹੁਤ ਦੂਰ ਹੈ
ਬਹੁਤ ਲੰਬਾ ਪੈਂਡਾ ਤਹਿ ਕਰਕੇ
ਮੈਂ ਤੈਨੂੰ ਮਿਲਣ ਆਇਆ ਹਾਂ
ਬਹੁਤ ਥੱਕ ਗਿਆ ਹਾਂ
ਪਾਪਾ ਜੀ ਨੂੰ ਦੇਖ , ਉਹਨਾਂ ਦੀਆਂ
ਮੋਹ ਭਿੱਜੀਆਂ ਗੱਲਾਂ ਸੁਣ
ਅੱਭੜਵਾਹੇ ਉੱਠ ਪੈਂਦੀ ਹਾਂ
ਇੱਧਰ ਉੱਧਰ ਨਜ਼ਰ ਘੁਮਾ
ਉਹਨਾਂ ਨੂੰ ਲੱਭਦੀ ਹਾਂ
ਉਹ ਤੇ ਕਿਤੇ ਵੀ ਨਹੀਂ
ਉਹਨਾਂ ਨੂੰ ਗਿਆਂ ਤਿੰਨ ਸਾਲ
ਹੋਣ ਵਾਲੇ ਨੇ
ਮਾਂ ਨੂੰ ਗਿਆਂ ਬਾਰਾਂ ਸਾਲ
ਕੀ ਤੁਰ ਜਾਣ ਦੇ ਬਾਦ ਵੀ
ਮਾਂ ਬਾਪ ਦੀ ਸੁਰਤ
ਬੱਚਿਆਂ ਵਿੱਚ ਰਹਿੰਦੀ ਹੈ
ਯਕੀਨ ਨਹੀਂ ਆਉਂਦਾ
ਅੱਖਾਂ ਮੱਲ ਮੱਲ ਇੱਧਰ
ਉਧਰ ਦੇਖਦੀ ਹਾਂ
ਪਾਪਾ ਜੀ ਤੇ ਕਿਤੇ ਵੀ ਨਹੀਂ
ਨਿੰਮੋਝੂਣੀ ਹੋਈ ਬੈਠੀ
ਸੋਚਦੀ ਹਾਂ
ਕਾਸ਼ ! ਇਹ ਸੁਪਨਾ ਨਾ ਹੁੰਦਾ
ਸੱਚ ਹੀ ਹੁੰਦਾ
ਅਜੇ ਵੀ ਯਕੀਨ ਨਹੀਂ ਹੋ ਰਿਹਾ
ਕਿ ਇਹ ਸੁਪਨਾ ਹੈ ਕਿ ਸੱਚ
ਪਾਪਾ ਜੀ ਮੈਨੂੰ ਮਿਲਣ ਆਏ ਸੀ
ਮੇਰਾ ਹਾਲ – ਚਾਲ ਵੀ ਪੁੱਛਿਆ
ਗੱਲਾਂ ਵੀ ਕੀਤੀਆਂ ਮੇਰੇ ਨਾਲ
ਕਿਵੇਂ ਕਹਾਂ
ਕਿ ਇਹ ਸੁਪਨਾ ਹੈ ਕਿ ਸੱਚ

          ( ਰਮਿੰਦਰ ਰਮੀ )
Today Now News

RELATED ARTICLES
- Advertisment -

POPULAR POSTS