ਲੋੜਵੰਦਾਂ ਲਈ ਫ੍ਰੀ ਅਤੇ ਆਮ ਲੋਕਾਂ ਲਈ ਤੇਲ ਖਰਚੇ ਤੇ ਹੋਵੇਗੀ ਐਂਬੂਲੈਂਸ ਦੀ ਸੇਵਾ

ਤਰਨਤਾਰਨ (ਖਾਲੜਾ) (ਰਿੰਪਲ ਗੋਲਣ) : ਬੀਤੇ ਦਿਨੀਂ ਪੱਟੀ ਫੇਰੀ ਦੌਰਾਨ ਕੀਤੇ ਵਾਅਦੇ ਮੁਤਾਬਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ ਪੀ ਸਿੰਘ ਓਬਰਾਏ ਵੱਲੋਂ ਬਾਰਡਰ ਏਰੀਆ ਦੇ ਲੋੜਵੰਦਾਂ ਲੋਕਾਂ ਦੀ ਸਹੂਲਤ ਲਈ ਸਰਹੱਦੀ ਇਲਾਕੇ ਦੇ ਕਸਬਾ ਖਾਲੜਾ ਵਿਖੇ ਸਥਿਤ ਰਾਣਾ ਹਸਪਤਾਲ ਨੂੰ ਇੱਕ ਐਂਬੁਲੈਂਸ ਭੇਟ ਕੀਤੀ ਗਈ ਹੈ । ਰਾਣਾ ਹਸਪਤਾਲ ਵਿਖੇ ਹਸਪਤਾਲ ਦੇ ਮੈਨਜਿੰਗ ਟਰੱਸਟੀ ਡਾ. ਰਾਜਿੰਦਰ ਸਿੰਘ ਰਾਣਾ ਨੂੰ ਐਂਬੂਲੈਸ ਦੀਆਂ ਚਾਬੀਆਂ ਦਿੰਦੇ ਹੋਏ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ ਪੀ ਸਿੰਘ ਉਬਰਾਏ ਦੀ ਪੱਟੀ ਫੇਰੀ ਦੌਰਾਨ ਡਾ. ਰਾਜਿੰਦਰ ਸਿੰਘ ਰਾਣਾ ਵੱਲੋਂ ਇੱਕ ਐਂਬੁਲੈਂਸ ਦੀ ਮੰਗ ਕੀਤੀ ਗਈ ਸੀ ਉਸ ਮੰਗ ਨੂੰ ਪੂਰਾ ਕਰਦਿਆਂ ਡਾ. ਓਬਰਾਏ ਵੱਲੋਂ ਰਾਣਾ ਹਸਪਤਾਲ ਖਾਲੜਾ ਨੂੰ ਉਕਤ ਵਾਹਨ ਮੁਹਈਆ ਕਰਵਾਇਆ ਗਿਆ ਹੈ ਤਾਂ ਕਿ ਬਾਰਡਰ ਏਰੀਆ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ ।






