
ਵਾਸ਼ਿੰਗਟਨ, ਏਜੰਸੀ : ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪ੍ਰਚਾਰ ਟੀਮ ਝੂਠ ਫੈਲਾਉਣ ‘ਚ ਮਸਰੂਫ਼ ਹੈ। ਉਹ ਗੰਦੇ ਹਥਕੰਡੇ ਅਪਣਾ ਰਹੀ ਹੈ। ਉਹ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ। ਰਾਸ਼ਟਰਪਤੀ ਟਰੰਪ ਲਗਾਤਾਰ ਹੈਰਿਸ ‘ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹੈਰਿਸ ਦੀ ਯੋਗਤਾ ‘ਤੇ ਸਵਾਲ ਨਹੀਂ ਉਠਾ ਰਹੇ, ਪਰ ਸਾਜ਼ਿਸ਼ ਸਿਧਾਂਤ ਖਾਰਜ ਵੀ ਨਹੀਂ ਕਰ ਸਕਦੇ। ਇਸ ਦਾ ਜਵਾਬ ਦਿੰਦਿਆਂ ਹੈਰਿਸ ਨੇ ਕਿਹਾ ਕਿ ਉਹ ਲੋਕ ਛਲ-ਕਪਟ ‘ਤੇ ਉਤਰ ਆਏ ਹਨ। ਉਹ ਉਨ੍ਹਾਂ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ, ਜਿਨ੍ਹਾਂ ਨਾਲ ਅਮਰੀਕੀ ਜਨਤਾ ਪਰੇਸ਼ਾਨ ਹੈ। ਸਾਨੂੰ ਯਕੀਨ ਹੈ ਕਿ ਉਹ ਹਰ ਹਥਕੰਡਾ ਆਜ਼ਮਾਉਣਗੇ ਤੇ ਅਸੀਂ ਇਸ ਲਈ ਤਿਆਰ ਹਾਂ।
ਹੈਰਿਸ ਦੀ ਉਮੀਦਵਾਰੀ ਮਾਣ ਵਾਲੀ ਗੱਲ
ਬਰਾਕ ਓਬਾਮਾ ਦੇ ਦੂਜੇ ਕਾਰਜਕਾਲ ‘ਚ ਦੱਖਣੀ ਤੇ ਮੱਧ ਏਸ਼ੀਆਈ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਰਹਿ ਚੁਕੀ ਨਿਸ਼ਾਨ ਦੇਸਾਈ ਵਿਸਵਾਲ ਦਾ ਕਹਿਣਾ ਹੈ ਕਿ ਹੈਰਿਸ ਦੀ ਉਮੀਦਵਾਰ ਭਾਰਤੀ-ਅਮਰੀਕੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਵਸੇ ਭਾਰਤੀ ਹੁਣ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ। ਬਿਡੇਨ ਤੇ ਹੈਰਿਸ ਨੇ ਇਸ ਦੀ ਮਿਸਾਲ ਪੇਸ਼ ਕਰ ਦਿੱਤੀ ਹੈ। ਬਿਸਵਾਲ ਇਸ ਸਮੇਂ ਯੂਐੱਸ-ਇੰਡੀਆ ਬਿਜ਼ਨਸ ਕੌਂਸਲ ਦੀ ਮੁਖੀ ਹੈ।






