
ਮਾਨਸਾ/ਸਰਦੂਲਗੜ੍ਹ 12 ਫਰਵਰੀ : ਗੁਰਜੰਟ ਸਿੰਘ ਬਾਜੇਵਾਲੀਆ/ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਨਸਾ ਜ਼ਿਲੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ-ਕਮ-ਐਸ.ਡੀ.ਐਮ. ਸਰਦੂਲਗੜ ਮੈਡਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਦੇ ਮਕਸਦ ਨਾਲ ਗਠਿਤ ਕੀਤੀਆਂ ਟੀਮਾਂ 24 ਘੰਟੇ ਮੁਸਤੈਦ ਹਨ ਅਤੇ ਹਰ ਤਰਾਂ ਦੀ ਸ਼ੱਕੀ ਰਾਸ਼ੀ ਅਤੇ ਸਮਾਨ ’ਤੇ ਪੂਰੀ ਪੈਣੀ ਨਜ਼ਰ ਰੱਖੀ ਜਾ ਰਹੀ ਹੈ।
ਰਿਟਰਨਿੰਗ ਅਧਿਕਾਰੀ ਮਨੀਸ਼ਾ ਰਾਣਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ 50 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਆਪਣੇ ਨਾਲ ਨਹੀਂ ਰੱਖ ਸਕਦਾ ਅਤੇ ਜੇਕਰ ਉਸ ਕੋੋਲ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਪਾਈ ਜਾਂਦੀ ਹੈ ਤਾਂ ਉਸ ਸਬੰਧੀ ਰਸੀਦਾਂ ਜਾਂ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਜ਼ਰੂਰ ਰੱਖੇ ਜਾਣ। ਉਨਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਰਾਸ਼ੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨਾਂ ਦੱਸਿਆ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਕਿਸੇ ਵੀ ਤਰਾਂ ਦੇ ਪੈਸੇ ਦੇ ਲੈਣ-ਦੇਣ ਅਤੇ ਤੋਹਫੇ ਦੇਣ ਤੋਂ ਰੋਕਣ ਲਈ ਤਾਇਨਾਤ ਫਲਾਇੰਗ ਸਕੂਐਡ ਟੀਮਾਂ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਦੇ ਫਲਸਰੂਪ ਬੀਤੇ ਦਿਨੀਂ ਪਿੰਡ ਨੰਗਲ ਖੁਰਦ ਦੇ ਨਾਕੇ ’ਤੇ ਤਾਇਨਾਤ ਐਫ.ਐਸ.ਟੀ. (ਫਲਾਇੰਗ ਸਕੂਐਡ ਟੀਮ) ਵੱਲੋਂ ਜ਼ਰੂਰੀ ਦਸਤਾਵੇਜ਼ ਨਾ ਦਿਖਾਉਣ ਦੀ ਸੂਰਤ ਵਿੱਚ ਵਿਅਕਤੀ ਤੋਂ 1.5 ਲੱਖ ਰੁਪਏ ਦੀ ਨਗਦੀ ਜ਼ਬਤ ਕਰ ਲਈ ਗਈ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਾਰਨ 50 ਹਜ਼ਾਰ ਦੀ ਨਗਦੀ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਉੁਹ ਉਸ ਨਗਦੀ ਨਾਲ ਸਬੰਧਤ ਦਸਤਾਵੇਜ਼ ਆਪਣੇ ਨਾਲ ਜ਼ਰੂਰ ਰੱਖਣ, ਤਾਂ ਜੋ ਚੈਕਿੰਗ ਦੌਰਾਨ ਕਿਸੇ ਵੀ ਤਰਾਂ ਦੀ ਮੁਸ਼ਿਕਲ ਦਾ ਸਾਹਮਣਾ ਨਾ ਕਰਨਾ ਪਵੇ।





