950 ਗ੍ਰਾਮ ਚਿੱਟਾ, 2 ਲੱਖ 34 ਹਜ਼ਾਰ ਨਸ਼ੀਲੀਆਂ ਗੋਲੀਆਂ, 12 ਬੋਰ ਪਿਸਤੌਲ ਸਮੇਤ ਹੋਰ ਹਥਿਆਰ ਬਰਾਮਦ ਕੀਤੇ

ਬਰਨਾਲਾ ( ਕਰਨਪ੍ਰੀਤ ਧੰਦਰਾਲ )-ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ | ਜਿਸ ਦੇ ਤਹਿਤ ਪੁਲਿਸ ਵਲੋਂ ਨਸ਼ਾ ਵੇਚਣ ਵਾਲੇ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਵੱਖ-ਵੱਖ ਗਿਰੋਹਾਂ ਦੇ 15 ਮੈਂਬਰਾਂ ਨੂੰ ਕਾਬੂ ਕਰ ਕੇ 950 ਗ੍ਰਾਮ ਚਿੱਟਾ, 2 ਲੱਖ 34 ਹਜ਼ਾਰ ਨਸ਼ੀਲੀਆਂ ਗੋਲੀਆਂ, ਦੋ ਗੱਡੀਆਂ, ਦੋ ਮੋਟਰਸਾਈਕਲ, 12 ਬੋਰ ਪਿਸਤੌਲ ਸਮੇਤ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ | ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਇਕ ਵੱਡਾ ਗਿਰੋਹ ਬਣਾਇਆ ਹੋਇਆ ਹੈ ਜੋ ਬਾਹਰਲੇ ਸੂਬਿਆਂ ਵਿਚੋਂ ਨਸ਼ਾ ਲਿਆ ਕੇ ਵੇਚਣ ਦੇ ਆਦੀ ਹਨ | ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿਚ ਵੱਖਰੀ ਟੀਮ ਬਣਾਈ ਗਈ | ਜਿਨ੍ਹਾਂ ਨੇ ਨਾਕੇ ਦੌਰਾਨ ਨਵਜੋਤ ਸਿੰਘ ਜੋਤ ਪੁੱਤਰ ਮੇਜਰ ਸਿੰਘ ਵਾਸੀ ਸੈਦੋਵਾਲ, ਜਗਦੀਸ਼ ਸਿੰਘ ਜੱਗਾ ਜੋ ਕਾਰ ਪੀ.ਬੀ. 11 ਏ.ਡੀ. 2703, ਪੀ.ਬੀ. 13 ਬੀ.ਸੀ. 1133 ਗੱਡੀ ‘ਚ ਆ ਰਹੇ ਸਨ, ਕਾਰਾਂ ਦੀ ਤਲਾਸ਼ੀ ਲਈ ਗਈ ਤਾਂ ਕਾਰਾਂ ਵਿਚੋਂ 2 ਲੱਖ 20 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁੱਛਗਿਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਸੁਧੀਰ ਕੁਮਾਰ ਪਾਲ ਉਰਫ਼ ਰਵਿੰਦਰ ਪੁੱਤਰ ਸ਼ਿਵਜੀ ਪਾਲ ਵਾਸੀ ਭਵਾਨੀਪੁਰ ਭੇਜਾ (ਮਧੂਬਨੀ ਬਿਹਾਰ) ਹਾਲ ਆਬਾਦ ਸੋਨੀਆ ਬਿਹਾਰ ਨਵੀਂ ਦਿੱਲੀ, ਹਰਵਿੰਦਰ ਸਿੰਘ ਰਿੰਦਾ ਪੁੱਤਰ ਗੁਰਬਚਨ ਸਿੰਘ ਵਾਸੀ ਬਸਤੀ ਗੋਬਿੰਦ ਨਗਰ ਪਟਿਆਲਾ ਸਮਾਣਾ, ਮਨਦੀਪ ਸਿੰਘ ਮਿੱਠੂ ਵਾਸੀ ਬਿਜਲਪੁਰ (ਪਟਿਆਲਾ) ਨਾਲ ਕੰਮ ਕਰਦੇ ਹਨ | ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ‘ਤੇ ਇਨ੍ਹਾਂ ਵਿਅਕਤੀਆਂ ਨੂੰ ਵੀ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸੇ ਤਰ੍ਹਾਂ ਹੀ ਇਕ ਹੋਰ ਮਾਮਲੇ ਵਿਚ ਥਾਣੇਦਾਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ਼ ਨੇ ਬੱਸ ਸਟੈਂਡ ਕਾਲੇਕੇ ਵਿਖੇ ਨਾਕਾ ਲਗਾਇਆ ਹੋਇਆ ਸੀ |

ਜਿਸ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਭਾਰੀ ਮਾਤਰਾ ‘ਚ ਨਸ਼ਾ ਲਿਆ ਰਹੇ ਹਨ ਤਾਂ ਗੇਜੋ ਕੌਰ ਪਤਨੀ ਬੀਰੂ ਸਿੰਘ ਵਾਸੀ ਹੰਡਿਆਇਆ ਹਾਲ ਆਬਾਦ ਰੂੜੇਕੇ ਕਲਾਂ, ਗੌਤਮ ਸਿੰਘ ਪੁੱਤਰ ਕਰਮਜੀਤ ਸਿੰਘ, ਰਾਣਾ ਸਿੰਘ ਉਰਫ਼ ਅਵਤਾਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਤਰਖਾਣਮਾਜਰਾ ਪੈਦਲ ਆ ਰਹੇ ਸਨ, ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 14 ਹਜ਼ਾਰ 300 ਨਸ਼ੀਲੀ ਗੋਲੀਆਂ ਤੇ 300 ਹੈਰੋਇਨ (ਚਿੱਟਾ) ਬਰਾਮਦ ਹੋਇਆ | ਤਿੰਨੋਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਗੇਜੋ ਕੌਰ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ 10 ਮੁਕੱਦਮੇ ਦਰਜ ਹਨ | ਇਸੇ ਤਰ੍ਹਾਂ ਹੋਰ ਮਾਮਲੇ ਵਿਚ ਥਾਣੇਦਾਰ ਗੁਰਬਚਨ ਸਿੰਘ ਸੀ.ਆਈ.ਏ. ਸਟਾਫ਼ ਨੇ ਪੂਰੀ ਟੀਮ ਸਮੇਤ ਨਾਕਾ ਲਗਾਇਆ ਹੋਇਆ ਸੀ ਤਾਂ ਸੁਖਵਿੰਦਰ ਸਿੰਘ ਜੱਸੜ ਪੁੱਤਰ ਮੱਖਣ ਸਿੰਘ ਵਾਸੀ ਕਾਲੇਕੇ, ਜਸਵਿੰਦਰ ਸਿੰਘ ਜੱਸੀ ਪੁੱਤਰ ਨਾਹਰ ਸਿੰਘ ਵਾਸੀ ਪੰਧੇਰ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 330 ਹੈਰੋਇਨ (ਚਿੱਟਾ) ਬਰਾਮਦ ਹੋਇਆ | ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫ਼ਸਰ ਥਾਣਾ ਤਪਾ ਨੇ ਪੂਰੀ ਟੀਮ ਸਮੇਤ ਨਾਕਾ ਲਗਾਇਆ ਹੋਇਆ ਸੀ | ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਨਛੱਤਰ ਸਿੰਘ ਵਾਸੀ ਰੂੜੇਕੇ ਕਲਾਂ ਜੋ ਕਿ ਜੇਲ੍ਹ ‘ਚੋਂ ਫ਼ਰਾਰ ਹੋਇਆ ਸੀ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਕਿ ਲੁੱਟਾਂ ਖੋਹਾਂ ਕਰਦੇ ਹਨ | ਜਿਸ ਦੇ ਸਬੰਧ ਵਿਚ ਥਾਣਾ ਤਪਾ ਵਿਖੇ ਮਾਮਲਾ ਦਰਜ਼ ਕਰ ਕੇ ਗੁਰਪ੍ਰੀਤ ਸਿੰਘ ਨਛੱਤਰ ਸਿੰਘ, ਜਗਦੀਪ ਸਿੰਘ ਜੱਗੀ ਪੁੱਤਰ ਤੇਜਪਾਲ ਸਿੰਘ ਵਾਸੀ ਰੂੜੇਕੇ ਕਲਾਂ, ਰੋਹਿਤ ਰਾਮ ਪੁੱਤਰ ਸਿੰਦੀ ਰਾਮ ਵਾਸੀ ਰੂੜੇਕੇ ਕਲਾਂ, ਕੁਲਦੀਪ ਸਿੰਘ ਉਰਫ਼ ਗੋਬਿੰਦ ਪੁੱਤਰ ਜਗਸੀਰ ਸਿੰਘ ਵਾਸੀ ਧੂਰਕੋਟ, ਅਕਾਸਦੀਪ ਖ਼ਾਨ ਪੁੱਤਰ ਮੁਨਸੀ ਖ਼ਾਨ ਵਾਸੀ ਨੇੜੇ ਸੱਤੀ ਖੂਹੀ ਤਪਾ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇਇਨ੍ਹਾਂ ਦੀ ਨਿਸ਼ਾਨਦੇਹੀ ‘ਤੇ 320 ਗ੍ਰਾਮ ਹੈਰੋਇਨ (ਚਿੱਟਾ), ਇਕ 12 ਬੋਰ ਦੇਸੀ ਪਿਸਤੌਲ, ਇਕ ਤਿੱਤਰਮਾਰ ਪਿਸਟਲ, ਇਕ ਕਿਰਚ, ਇਕ ਐਲ ਟਾਈਪ ਪੰਚ, ਇਕ ਗੰਡਾਸੀ, ਇਕ ਮੋਬਾਈਲ ਲਾਵਾ ਦਾ ਚਿੱਟਾ, ਦੋ ਮੋਰਸਾਈਕਲ ਬਰਾਮਦ ਹੋਏ ਹਨ | ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ | ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਤੋਂ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ |




