ਖੰਨਾ, 4 ਅਪ੍ਰੈਲ (ਸੁਰੇਸ਼)- ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਦੇਸ਼ ਭਰ ਵਿਚ ਵਧ ਰਹੀ ਮਹਿੰਗਾਈ ਦੇ ਰੋਸ ਵਜੋਂ ਕੇਂਦਰ ਸਰਕਾਰ ਖਿਲਾਫ ਧਰਨੇ ਦਿੱਤੇ ਗਏ। ਇਸੇ ਲੜੀ ਤਹਿਤ ਅੱਜ ਜਿਲਾ ਕਾਂਗਰਸ ਕਮੇਟੀ ਖੰਨਾ ਵੱਲੋਂ ਜ਼ਿਲਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠਾਂ ਲਲਹੇੜੀ ਰੋਡ ਚੌਂਕ ਵਿਖੇ ਧਰਨਾ ਦਿੱਤਾ ਗਿਆ। ਜਿਸ ਵਿੱਚ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਤੇ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਸਮੇਤ ਵੱਡੀ ਗਿਣਤੀ ਪਾਰਟੀ ਆਗੂੁ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਨੇ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਭਾਜਪਾ ਨੂੰ ਦੇਸ਼ ਚਲਾਉਣ ਵਿਚ ਅਸਫਲ ਪਾਰਟੀ ਕਰਾਰ ਦਿੱਤਾ।

ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੈਟਰੋਲ 100 ਰੁਪਏ ਪਾਰ ਹੋ ਚੁੱਕਾ ਹੈ। ਸਿਲੰਡਰ 1000 ਰੁਪਏ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਮਹਿੰਗਾਈ ਰੋਕਣ ਲਈ ਛੇਤੀ ਤੋਂ ਛੇਤੀ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਭਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਗੁਰਕੀਰਤ ਕੋਟਲੀ ਨੇ ਕਿਹਾ ਕਿ ਆਪ ਸਰਕਾਰ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਨਾਜੁਕ ਸੂਬਾ ਹੈ। ਹੁਣ ਹਾਲਾਤ ਇਹ ਹਨ ਕਿ ਗੈਂਗਸਟਰਾਂ ਨਾਲ ਮਿਲ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਸਾਬਕਾ ਮੰਤਰੀਆਂ ਵੱਲੋਂ ਕੋਠੀਆਂ ਚੋਂ ਸਾਮਾਨ ਲੈ ਕੇ ਜਾਣ ਦੇ ਆਪ ਸਰਕਾਰ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕੋਟਲੀ ਨੇ ਕਿਹਾ ਕਿ ਅਜਿਹੀ ਘਟੀਆ ਹਰਕਤ ਕੋਈ ਨਹੀਂ ਕਰ ਸਕਦਾ। ਜੇਕਰ ਆਪ ਸਰਕਾਰ ਇਹ ਦਾਅਵਾ ਕਰ ਰਹੀ ਹੈ ਤਾਂ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ। ਮੁਫਤ ਬਿਜਲੀ ਦੇ ਮੁੱਦੇ ਉਪਰ ਕੋਟਲੀ ਨੇ ਕਿਹਾ ਕਿ ਕੇਜਰੀਵਾਲ ਦੀ ਪਹਿਲੀ ਗਾਰੰਟੀ ਬਿਜਲੀ ਸੀ ਜੋ 24 ਘੰਟੇ ਅੰਦਰ ਪੂਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰ ਇਸ ਗਾਰੰਟੀ ਪੂਰੀ ਕਰਨ ਚ ਨਾਕਾਮ ਰਹੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਕਾਰਨ ਮਹਿੰਗਾਈ ਵਧ ਰਹੀ ਹੈ। ਜਿਸਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੂਬੇ ਅੰਦਰ ਲਾਅ ਐਂਡ ਆਰਡਰ ਤੇ ਲੱਖਾ ਨੇ ਕਿਹਾ ਕਿ ਸਰਕਾਰ ਚਲਾਉਣਾ ਆਪ ਦੇ ਬੱਸ ਦੀ ਗੱਲ ਨਹੀਂ ਹੈ। ਮੁਫਤ ਬਿਜਲੀ ਦੇ ਮੁੱਦੇ ਤੇ ਵੀ ਉਨ੍ਹਾਂ ਨੇ ਆਪ ਸਰਕਾਰ ਨੂੰ ਝੂਠੀ ਸਰਕਾਰ ਕਰਾਰ ਦਿੱਤਾ। ਜਿਲਾ ਕਾਂਗਰਸ ਕਮੇਟੀ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਯੂਪੀਏ ਸਰਕਾਰ ਦੇ ਸਮੇਂ ਹਰ ਵਰਗ ਦੇ ਲੋਕ ਖੁਸ਼ ਸੀ ਅਤੇ ਮਹਿੰਗਾਈ ਬਿਲਕੁਲ ਨਹੀਂ ਸੀ। ਹੁਣ ਭਾਜਪਾ ਵੱਡੇ ਘਰਾਣਿਆਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਇਸ ਮੌਕੇ ਹਰਦੇਵ ਸਿੰਘ ਰੋਸ਼ਾ, ਗੁਰਮਿੰਦਰ ਸਿੰਘ ਲਾਲੀ, ਜਤਿੰਦਰ ਪਾਠਕ, ਜਸਪ੍ਰੀਤ ਸਿੰਘ ਕਲਾਲਮਾਜਰਾ, ਵਿਕਾਸ ਮਹਿਤਾ, ਗੁਰਦੀਪ ਸਿੰਘ ਰਸੂਲੜਾ, ਗੁਰਮੀਤ ਨਾਗਪਾਲ, ਰਵਿੰਦਰ ਸਿੰਘ ਬੱਬੂ, ਰਣਬੀਰ ਸਿੰਘ ਕਾਕਾ, ਹਰਦੀਪ ਸਿੰਘ ਨੀਨੂੰ, ਕੇਸਰ ਸਿੰਘ ਘਟਹੌੜਾ, ਸਤਨਾਮ ਸਿੰਘ ਸੋਨੀ ਰੋਹਣੋਂ, ਡਾ. ਗੁਰਮੁੱਖ ਸਿੰਘ ਚਾਹਲ, ਜਸਪਾਲ ਸਿੰਘ ਪਾਲੀ, ਸੁਧੀਰ ਜੋਸ਼ੀ, ਜਸਵੀਰ ਕੌਰ ਨਾਫਰੀ, ਪ੍ਰਿਆ ਧੀਮਾਨ, ਗੁਰਮੁੱੱਖ ਸਿੰਘ ਰਾਓ, ਹਰਮੇਸ਼ ਮੇਸ਼ੀ, ਗੋਲਡੀ ਸ਼ਰਮਾ, ਜਸਵਿੰਦਰ ਸਿੰਘ ਮਾਣਕਮਾਜਰਾ, ਰਾਜੀਵ ਰਾਏ ਮਹਿਤਾ, ਗੁਰਦੀਪ ਜੋਸ਼ੀ, ਤਰੁਣ ਲੁੰਬਾਂ, ਹਰਿੰਦਰ ਸਿੰਘ ਕਨੇਚ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।





