ਹਾਸਲ ਕੀਤੀ ਇਹ ਮਾਣਮੱਤੀ ਪ੍ਰਾਪਤੀ

ਗੁਰਦਾਸਪੁਰ, (ਵਰਿੰਦਰ ਰੰਧਾਵਾ) : ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਬੇਹੱਦ ਪੱਛੜੇ ਪਿੰਡ ਬਮਿਆਲ ਦੀ ਧੀ ਨੇ ਦੁਨੀਆ ਦੇ 150 ਦੇਸ਼ਾਂ ਦੇ ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਸੱਤ ਸਮੰਦਰੋਂ ਪਾਰ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਸਾਇੰਸਦਾਨ ਦੀ ਇਕ ਮਾਤਰ ਪੋਸਟ ਉੱਤੇ ਨਿਯੁਕਤ ਹੋ ਕੇ ਦੇਸ਼ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ। ਇਹ ਇਤਿਹਾਸਕ ਪ੍ਰਾਪਤੀ ਡਾ. ਰੁਚੀ ਮਹਾਜਨ ਨੇ ਹਾਸਿਲ ਕੀਤੀ। ਇਥੇ ਦੱਸਣਯੋਗ ਹੈ ਕਿ ਯੂਨੀਵਰਸਿਟੀ ਵਿੱਚ ਵਿਗਿਆਨਕ ਦੀ ਇਕਮਾਤਰ ਪੋਸਟ ਲਈ ਦੁਨੀਆ ਭਰ ਦੇ ਪ੍ਰੀਖਿਆਰਥੀਆਂ ਦਾ ਜਨਵਰੀ ਵਿਚ ਆਨਲਾਈਨ ਟੈਸਟ ਹੋਇਆ ਸੀ। ਇਸ ਵਿਚ 150 ਦੇਸ਼ਾਂ ਦੇ ਪ੍ਰੀਖਿਆਰਥੀਆਂ ਨੇ ਭਾਗ ਲਿਆ ਸੀ ਅਤੇ ਨਤੀਜਾ ਅਕੂਤਬਰ ਵਿਚ ਆਇਆ। ਇਸ ਵਿੱਚ ਡਾ. ਰੁਚੀ ਮਹਾਜਨ ਨੇ ਪੂਰੀ ਦੁਨੀਆਂ ਨੂੰ ਪਛਾੜਦੇ ਹੋਏ ਯੂਨੀਵਰਸਿਟੀ ਦੀ ਇਕ ਮਾਤਰ ਸੀਟ ‘ਤੇ ਕਬਜ਼ਾ ਜਮਾ ਕੇ ਆਪਣੀ ਕਾਬੀਲਅਤ ਦੀ ਧਾਕ ਜਮਾਈ ਅਤੇ ਮਿਸਾਲ ਕਾਇਮ ਕੀਤੀ। ਗੱਲਬਾਤ ਕਰਦਿਆਂ 31 ਸਾਲ ਦੀ ਡਾ. ਰੁਚੀ ਮਹਾਜਨ ਨੇ ਆਪਣੀ ਇਸ ਉਪਲਬੱਧੀ ਦਾ ਸਿਹਰਾ ਆਪਣੀ ਮਾਤਾ ਦਰਸ਼ਨਾ ਮਹਾਜਨ ਅਤੇ ਪਿਤਾ ਸੁਰਿੰਦਰ ਮਹਾਜਨ ਨੂੰ ਦਿੰਦੇ ਕਿਹਾ ਕਿ ਉਸਦਾ ਪਾਲਣ ਪੋਸ਼ਣ ਹੇਬੱਦ ਕਠਿਨ ਹਾਲਤ ਵਿਚ ਹੋਇਆ ਹੈ। ਮਾਂ ਬਾਪ ਹਮੇਸ਼ਾ ਉਸਨੂੰ ਕਹਿੰਦੇ ਸੀ ਕਿ ਜਿੰਦਗੀ ਵਿੱਚ ਕੁੱਝ ਵੀ ਅਸੰਭਵ ਨਹੀਂ। ਇੰਨ੍ਹਾਂ ਸ਼ਬਦਾਂ ਨੇ ਹਮੇਸ਼ਾ ਉਸਦਾ ਹੌਸਲਾ ਬੁਲੰਦ ਕੀਤਾ ਅਤੇ ਹਿੰਮਤ, ਮਿਹਨਤ ਅਤੇ ਲਗਨ ਨਾਲ ਉਸਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ।





