
ਨਵੀਂ ਦਿੱਲੀ 2 August ਓਲੰਪਿਕ ‘ਚ ਲਗਾਤਾਰ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਪੀਵੀ ਸੰਧੂ ਨੇ ਸੋਮਵਾਰ ਨੂੰ ਕਿਹਾ ਕਿ ਬੈਡਮਿੰਟਨ ਮਹਿਲਾ ਸਿੰਗਲ ਸੈਮੀਫਾਈਨਲ ਹਾਰਨ ਤੋਂ ਬਾਅਦ ਉਹ ਕੁਝ ਨਿਰਾਸ਼ ਸੀ ਪਰ ਕੋਚ ਪਾਰਕ ਤਾਈ ਸਾਂਗ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਅਜੇ ਸਭ ਕੁਝ ਖਤਮ ਨਹੀਂ ਹੋਇਆ ਹੈ ਤੇ ਚੌਥੇ ਸਥਾਨ ‘ਤੇ ਰਹਿਣ ਤੋਂ ਬਿਹਤਰ ਹੈ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਦੇਸ਼ ਜਾਓ।
ਸਿੰਧੂ ਤੋਂ ਜਦੋਂ ਸੈਮੀਫਾਈਨਲ ਦੀ ਹਾਰ ਤੋਂ ਬਾਅਦ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਨਲਾਈਨ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸੈਮੀਫਾਈਨਲ ਹਾਰਨ ਤੋਂ ਬਾਅਦ ਉਹ ਨਿਰਾਸ਼ ਸਨ ਕਿਉਂਕਿ ਉਹ ਗੋਲਡ ਮੈਡਲ ਲਈ ਚੁਣੌਤੀ ਪੇਸ਼ ਕਰਨਾ ਚਾਹੁੰਦੀ ਸੀ। ਕੋਚ ਪਾਰਕ ਨੇ ਇਸ ਤੋਂ ਬਾਅਦ ਮੈਨੂੰ ਸਮਝਾਇਆ ਕਿ ਅਗਲੇ ਮੈਚ ‘ਤੇ ਧਿਆਨ ਦਿਓ। ਕੋਚ ਨੇ ਮੈਨੂੰ ਪ੍ਰਰੇਰਿਤ ਕੀਤਾ ਤੇ ਮੈਂ ਆਪਣਾ ਸਾਰਾ ਧਿਆਨ ਕਾਂਸੇ ਦਾ ਮੈਡਲ ਜਿੱਤਣ ‘ਤੇ ਲਾਇਆ।
ਮੈਚ ਜਿੱਤਣ ਤੋਂ ਬਾਅਦ 10 ਸੈਕਿੰਡ ਲਈ ਉਹ ਸਭ ਕੁਝ ਭੁੱਲ ਗਈ ਸੀ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਜਿੱਤ ਦਾ ਜਸ਼ਨ ਮਨਾਇਆ। ਸਿੰਧੂ ਨੇ ਜਦੋਂ ਰਿਓ ਓਲੰਪਿਕ ਤੋਂ ਟੋਕੀਓ ਓਲੰਪਿਕ ਵਿਚਕਾਰ ਦੇ ਪੰਜ ਸਾਲ ਦੇ ਸਫਰ ਬਾਰੇ ਪੁਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਫੀ ਉਤਾਰ ਚੜ੍ਹਾਅ ਵੇਖਣ ਨੂੰ ਮਿਲੇ। ਜਿੱਤ ਮਿਲੀ ਤਾਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਕਾਫੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪੂਰਾ ਖੇਡ ਹੀ ਬਦਲ ਗਿਆ ਹੈ। ਮੈਂ ਕੁਝ ਮੁਕਾਬਲੇ ਹਾਰੇ ਵੀ ਹਨ ਤੇ ਕੁਝ ਮੈਚਾਂ ‘ਚ ਜਿੱਤ ਵੀ ਦਰਜ ਕੀਤੀ ਹੈ।
ਮੈਂ ਇਸ ਦੌਰਾਨ ਕਾਫੀ ਤਜਰਬਾ ਹਾਸਲ ਕੀਤਾ ਤੇ ਵਿਸ਼ਵ ਚੈਂਪੀਅਨ ਵੀ ਬਣੀ। ਪਿਛਲੇ ਇਕ ਸਾਲ ਤੋਂ ਕੋਵਿਡ ਕਾਰਨ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਕਾਫੀ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਕਾਫੀ ਟੂਰਨਾਮੈਂਟ ਰੱਦ ਹੋਏ ਹਨ ਪਰ ਇਸ ਦੌਰਾਨ ਮੈਨੂੰ ਆਪਣੀ ਖੇਡ ‘ਤੇ ਕੰਮ ਕਰਨ ਦਾ ਮੌਕਾ ਮਿਲਿਆ। ਜਿਹੜਾ ਕਿ ਟੂਰਨਾਮੈਂਟ ਦੌਰਾਨ ਸੰਭਵ ਨਹੀਂ ਹੋ ਸਕਦਾ ਸੀ। ਇਸ ਦੌਰਾਨ ਕੋਚ ਪਾਰਕ ਨਾਲ ਰੋਜ਼ਾਨਾ ਪ੍ਰੈਕਟਿਸ ਕੀਤੀ।
ਸਿੰਧੂ ਨੇ ਜਦੋਂ ਹੈਦਰਾਬਾਦ ਦੇ ਗਚੀਬਾਊਲੀ ਸਟੇਡੀਅਮ ਨੂੰ ਛੱਡ ਕੇ ਲੰਡਨ ‘ਚ ਸਿਖਲਾਈ ਲੈਣ ਦਾ ਫੈਸਲਾ ਕੀਤਾ ਤਾਂ ਕਾਫੀ ਵਿਵਾਦ ਹੋਇਆ ਸੀ ਤੇ ਭਾਰਤੀ ਖਿਡਾਰੀ ਨੇ ਕਿਹਾ ਸੀ ਕਿ ਜੇ ਤੁਹਾਨੂੰ ਵਧੀਆ ਥਾਂ ਸਿਖਲਾਈ ਲੈਣ ਦਾ ਮੌਕਾ ਮਿਲ ਰਿਹਾ ਹੈ ਤਾਂ ਇਸ ‘ਚ ਕੋਈ ਵੀ ਮੁਸ਼ਕਲ ਨਹੀਂ ਹੈ। ਸਿੰਧੂ ਨੇ ਰਿਓ ਓਲੰਪਿਕ ਤੋਂ ਟੋਕੀਓ ਓਲੰਪਿਕ ਦੌਰਾਨ ਤਿੰਨ ਕੋਚਾਂ ਨਾਲ ਕੰਮ ਕੀਤਾ ਹੈ ਤੇ ਸਿੰਧੂ ਨੇ ਕਿਹਾ ਕਿ ਹਰੇਕ ਕੋਚ ਦੀ ਸਿਖਾਉਣ ਦਾ ਤਰੀਕਾ ਵੱਖ-ਵੱਖ ਹੈ। ਉਨ੍ਹਾਂ ਕਿਹਾ ਕਿ ਹਰੇਕ ਕੋਚ ਤੋਂ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ। ਪਾਰਕ ਦੇ ਕੋਚਿੰਗ ਕਰੀਅਰ ਦਾ ਇਹ ਪਹਿਲਾ ਮੈਡਲ ਹੈ। ਸਿੰਧੂ ਨੇ ਮੈਡਲ ਮਿਲਣ ਤੋਂ ਬਾਅਦ ਵਧਾਈਆਂ ਦੇਣ ਲਈ ਭਾਰਤੀ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।



