
ਮਾਨਸਾ, 4 ਫਰਵਰੀ (ਗੁਰਜੰਟ ਸਿੰਘ ਬਾਜੇਵਾਲੀਆ)ਸਿਹਤ ਵਿਭਾਗ ਮਾਨਸਾ ਵੱਲੋਂ ਵਿਸ਼ਵ ਕੈਂਸਰ ਦਿਵਸ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ।ਇਸ ਮੌਕੇ ਐਕਟਿੰਗ ਸਿਵਲ ਸਰਜਨ ਡਾ. ਰੂਬੀ ਨੇ ਦੱਸਿਆ ਕਿ ਕੈਂਸਰ ਇੱਕ ਖਤਰਨਾਕ ਬਿਮਾਰੀ ਹੈ ਅਤੇ ਇਸਦੀ ਸਮੇਂ ਸਿਰ ਪਹਿਚਾਣ ਅਤੇ ਇਲਾਜ ਹੋਣਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਸ ਬਿਮਾਰੀ ਪ੍ਰਤੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿੱਚ ਅਜਿਹੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।
ਡਾ. ਰੂਬੀ ਨੇ ਕਿਹਾ ਕਿ ਕੈਂਸਰ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਕੈਂਸਰ ਦੇ ਕਾਰਣਾਂ, ਲੱਛਣਾਂ ਤੇ ਇਲਾਜ ਬਾਰੇ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਸੰਤੁਲਤ ਖੁਰਾਕ ਲੈਣ, ਆਪਣੀ ਰੋਜ਼ਮਰਾ ਦੀ ਜਿੰਦਗੀ ਵਿੱਚ ਸੁਧਾਰ ਕਰਨ, ਸਰਾਬ, ਸਿਗਰਟ ਅਤੇ ਸਿਗਰਟਨੋਸ਼ੀ ਤੰਬਾਕੂ ਸਮੇਤ ਤੰਬਾਕੂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਤਰਾਂ ਦੀ ਬਿਮਾਰੀ ਤੋਂ ਪਹਿਲਾਂ ਹੀ ਬਚਿਆ ਜਾ ਸਕੇ।ਉਹਨਾਂ ਅਪੀਲ ਕੀਤੀ ਕਿ ਸਰੀਰ ਵਿੱਚ ਕਿਸੇ ਵੀ ਤਰਾਂ ਦਾ ਬਦਲਾਅ ਜਾਂ ਲੱਛਣ ਦਿਖਣ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਕਰਵਾਈ ਜਾਵੇ। ਐਸ. ਐਮ. ਓ. ਸਿਵਲ ਹਸਪਤਾਲ ਮਾਨਸਾ ਡਾ. ਹਰਚੰਦ ਸਿੰਘ ਨੇ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੂੰਹ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ,ਫੇਫੜਿਆਂ ਦਾ ਕੈਂਸਰ, ਛਾਤੀ ਅਤੇ ਪੇਟ ਦਾ ਕੈਂਸਰ, ਬਲੱਡ ਕੈਂਸਰ ਆਦਿ ਹੋ ਸਕਦੇ ਹਨ।ਉਨਾਂ ਕਿਹਾ ਕਿ ਜੇਕਰ ਕਿਸੇ ਵਿਅਤਕੀ ਨੂੰ ਲਗਾਤਾਰ ਖੰਘ, ਆਵਾਜ਼ ਵਿੱਚ ਭਾਰੀਪਨ, ਖੰਘਣ ਸਮੇਂ ਖੂਨ ਆਉਣਾ, ਸਰੀਰ ਦਾ ਘਟਣਾ, ਮੂੰਹ, ਮਸੂੜੇ, ਤਾਲੂਏ ਜਾਂ ਜੀਭ ’ਤੇ ਨਾ ਠੀਕ ਹੋਣ ਵਾਲਾ ਜ਼ਖਮ ਹੋਣਾ, ਛਾਤੀ ਵਿੱਚ ਗੰਢ ਦਾ ਹੋਣਾ ਆਦਿ ਹੋਣ ’ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈਕਅੱਪ ਕਰਾਉਣਾ ਚਾਹੀਦਾ ਹੈ।






