ਕਿਸਾਨ ਸੰਘਰਸ਼ ਨੇ ਮੋਦੀ ਦੀਆਂ ਦੇਸ਼ ਨੂੰ ਵੇਚਣ ਦੀਆਂ ਸਾਜ਼ਿਸ਼ਾਂ ਬੇਪਰਦਾ ਕੀਤੀਆਂ – ਮਾੜੀ ਮੇਘਾ, ਮੱਲਾ

ਤਰਨ ਤਾਰਨ (ਜਸਬੀਰ ਸਿੰਘ) : ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀਆਂ ਤਰਨ ਤਾਰਨ ਜਿਲ੍ਹਾ ਕਮੇਟੀਆਂ ਵੱਲੋਂ ਸਥਾਨਕ ਗਾਂਧੀ ਪਾਰਕ ਵਿਖੇ ਪਵਨ ਕੁਮਾਰ ਭਿੱਖੀਵਿੰਡ ,ਦਲਜੀਤ ਸਿੰਘ ਦਿਆਲਪੁਰਾ, ਜਗੀਰੀ ਰਾਮ ਪੱਟੀ ,ਬਲਦੇਵ ਸਿੰਘ ਭੈਲ,ਰੁਪਿੰਦਰ ਕੌਰ ਮਾੜੀਮੇਘਾ ਅਤੇ ਜਸਬੀਰ ਕੌਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਰਾਜਨੀਤਕ ਕਾਨਫਰੰਸ ਕੀਤੀ ਗਈ। ਇਹ ਕਾਨਫਰੰਸ, ਜਨ ਸੰਗਰਾਮ ਬਣ ਚੁੱਕੇ ਕਿਸਾਨ ਘੋਲ ਨੂੰ ਹੋਰ ਵਿਆਪਕ ਅਤੇ ਪ੍ਰਚੰਡ ਕਰਦਿਆਂ ਸਮੁੱਚੇ ਦੇਸ਼ ਵਾਸੀਆਂ ਦੇ ਸਰਵਪੱਖੀ ਸਹਿਯੋਗ ਸਦਕਾ ਜਿੱਤ ਤੱਕ ਪੁਚਾਉਣ ਦਾ ਹੋਕਾ ਦੇਣ ਦੇ ਮਕਸਦ ਨਾਲ ਸੱਦੀ ਗਈ ਸੀ। ਕਾਨਫਰੰਸ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ.ਐਮ.ਪੀ.ਆਈ.ਤੇ ਹਰਭਜਨ ਸਿੰਘ ਸੀ.ਪੀ.ਆਈ. ਸਾਬਕਾ ਕੌਮੀ ਕੌਸਲ ਮੈਂਬਰ ਨੇ ਕਿਹਾ ਕਿ ਮੋਦੀ ਸਰਕਾਰ, ਕਰੋੜਾਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਅਡਾਨੀ-ਅੰਬਾਨੀ ਜਿਹੇ ਆਪਣੇ ਚਹੇਤੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਭਾਈਵਾਲ ਸਾਮਰਾਜੀ ਲੁਟੇਰਿਆਂ ਦੇ ਖਜ਼ਾਨੇ ਭਰਪੂਰ ਕਰਨ ਲਈ ਸੰਵਿਧਾਨ ਦੀ ਉਲੰਘਣਾ ਕਰਕੇ ਘੜੇ ਗਏ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਜ਼ਿਦ ਹੈ।ਉਨ੍ਹਾਂ ਕਿਹਾ ਕਿ ਉਕਤ ਕਾਨੂੰਨ ਨਾ ਕੇਵਲ ਦੇਸ਼ ਦੀ ਵਿਸ਼ਾਲ ਵਸੋਂ ਦੇ ਗੁਜ਼ਾਰੇ ਦਾ ਸਾਧਨ ਖੇਤੀ ਕਿੱਤੇ ਬਲਕਿ ਦਰਮਿਆਨੇ ਤੇ ਛੋਟੇ ਉਦਯੋਗਕ ਧੰਦੇ ਅਤੇ ਪਰਚੂਨ ਵਿਉਪਾਰ ਦਾ ਵੀ ਭੋਗ ਪਾਉਣ ਵਾਲੇ ਹਨ। ਨਤੀਜੇ ਵਜੋਂ ਪਹਿਲਾਂ ਹੀ ਬੇਰੁਜ਼ਗਾਰੀ, ਕੰਗਾਲੀ, ਭੁੱਖਮਰੀ ਦਾ ਸੰਤਾਪ ਹੰਢਾ ਰਹੇ ਲੋਕਾਂ ਦਾ ਜੀਵਨ ਬਦ ਤੋਂ ਵੀ ਬਦਤਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਜਿਨ੍ਹਾਂ ਫਿਰਕੂ- ਫੁੱਟ ਪਾਊ ਦਾਅਪੇਚਾਂ, ਗੁੰਮਰਾਹਕੁੰਨ ਪ੍ਰਚਾਰ ਅਤੇ ਜਾਬਰ ਕਦਮਾਂ ਦਾ ਸਹਾਰਾ ਲੈ ਰਹੀ ਹੈ ਉਨ੍ਹਾਂ ਦੇ ਸਮੁੱਚੇ ਦੇਸ਼ ਵਾਸੀਆਂ ਨੂੰ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇਹਨ।
ਸੀਪੀਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਆਰ ਐਮ ਪੀ ਆਈ ਦੇ ਜ਼ਿਲਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕਿ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਅਜ਼ਾਰੇਦਾਰ ਪੂੰਜੀਪਤੀਆਂ ਹੱਥੋਂ ਦੇਸ਼ ਦੇ ਕੀਮਤੀ ਕੁਦਰਤੀ ਖਜ਼ਾਨੇ ਤੇ ਰਾਸ਼ਟਰ ਦੇ ਸਵੈਮਾਣ ਤੇ ਪ੍ਰਭੂਸੱਤਾ ਦੇ ਪ੍ਰਤੀਕ ਜਨਤਕ ਖੇਤਰ ਦੀ ਸੌਖੀ ਲੁੱਟ ਯਕੀਨੀ ਬਣਾਉਣ ਲਈ ਲਗਾਤਾਰ ਸੰਵਿਧਾਨ ਵਿੱਚ ਤਬਦੀਲੀਆਂ ਕਰੀ ਜਾ ਰਹੀ ਹੈ। ਮੋਦੀ ਸਰਕਾਰ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਫੈਡਰਲਿਜ਼ਮ ਦੇ ਜੜ੍ਹੀਂ ਤੇਲ ਦੇ ਕੇ ਫਿਰਕੂ ਜਹਿਰ ਘੋਲ ਰਹੀ ਹੈ। ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਗਟ ਕਰਨ ਵਾਲੇ ਬੁੱਧੀਜੀਵੀ, ਲੇਖਕ, ਪੱਤਰਕਾਰ ਆਦਿ ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਮੜ ਕਿ ਜੇਲ੍ਹੀ ਡੱਕਣ ਦਾ ਵਰਤਾਰਾ ਪੂਰੇ ਜ਼ੋਰਾਂ ਤੇ ਹੈ ਅਤੇ ਹਿਟਲਰੀ ਰਾਹ ਤੁਰੀ ਹੋਈ ਹੈ। ਮਤਾ ਪਾਸ ਕੀਤਾ ਗਿਆ ਕਿ ਕਿਸਾਨ ਵਿਰੋਧੀ ਬਿਲ ਮੂਲੋਂ ਰੱਦ ਕੀਤੇ ਜਾਣ। ਕਿਸਾਨ ਅੰਦੋਲਨ ਦੀ ਜਿੱਤ ਲਈ ਸਮੁੱਚੀ ਕਿਰਤੀ ਵਸੋਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ ਕਿਉਂਕਿ ਇਹ ਜਿੱਤ ਦੇਸ਼ ਦੇ ਸੁਨਹਿਰੇ ਭਵਿੱਖ ਦੀ ਜ਼ਾਮਣੀ ਹੋਵੇਗੀ ਤੇ ਭਵਿੱਖ ਵਿੱਚ ਲੋਕਾਈ ਦੀਆਂ ਜਿੱਤਾਂ ਅਤੇ ਲੋਕ ਦੋਖੀ ਤਾਕਤਾਂ ਦੀਆਂ ਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਮੌਜੂਦਾ ਸੰਘਰਸ਼ ਨੇ ਸੁਤੰਤਰਤਾ ਸੰਗਰਾਮ ਦੌਰਾਨ ਉਪਜੀ ਅਤੇ ਪਰਵਾਨ ਚੜ੍ਹੀ ਸਾਮਰਾਜ ਵਿਰੋਧੀ ਚੇਤਨਾ ਮੁੜ ਲੋਕ ਮਨਾਂ ਦੇ ਹਿੱਸਾ ਬਣਨ ਦੀਆਂ ਸ਼ਾਨਦਾਰ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਨਾਲ ਹੀ ਭਾਈਚਾਰਕ ਸਾਂਝ, ਮੁਦਿਆਂ ਆਧਾਰਿਤ ਵਿਸ਼ਾਲ ਏਕਤਾ ਅਤੇ ਸ਼ਾਂਤੀਪੂਰਨ ਸੰਘਰਸ਼ ਦੀਆਂ ਸ਼ਾਨਦਾਰ ਰਵਾਇਤਾਂ ਵੀ ਕਾਇਮ ਕੀਤੀਆਂ ਹਨ। ਇਸੇ ਕਰਕੇ ਦੇਸ਼ ਦੀ ਭਲਾਈ ਲੋਚਦਾ ਹਰ ਵਿਅਕਤੀ ਅਤੇ ਸੰਸਥਾ ਇਸ ਜਨ ਅੰਦੋਲਨ ਨੂੰ ਜਿੱਤਦਾ ਵੇਖਣਾ ਚਾਹੁੰਦੇ ਹਨ ਅਤੇ ਲੋਕਾਈ ਨੂੰ ਵੀ ਇਸ ਦੀ ਜਿੱਤ ਲਈ ਹਰ ਮੁਹਾਜ਼ ਤੇ ਡਟ ਜਾਣਾ ਚਾਹੀਦਾ ਹੈ।
ਕਾਨਫਰੰਸ ਵਿੱਚ ਹਾਜ਼ਰ ਜਨ ਸਮੂਹ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਤਿੰਨੋ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020, ਪਰਾਲੀ ਨਾਲ ਸਬੰਧਤ ਤੁਗ਼ਲਕੀ ਆਰਡੀਨੈਂਸ ਰੱਦ ਕੀਤੇ ਜਾਣ, ਖੇਤੀ ਉਪਜਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦਾ ਕਾਨੂੰਨ ਪਾਸ ਕਰਨ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਮਾਰੂ ਸੋਧਾਂ ਵਾਪਸ ਲੈਣ ਅਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀਆਂ ਸਾਜ਼ਿਸ਼ਾਂ ਬੰਦ ਕਰਨ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ 26 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਬੇਕਸੂਰ ਕਾਰਕੁੰਨ ਰਿਹਾ ਕੀਤੇ ਜਾਣ, ਕਿਸਾਨ ਘੋਲ ਦੇ ਹਿਮਾਇਤੀਆਂ ਨੂੰ ਫਰਜ਼ੀ ਕੇਸਾਂ ਵਿੱਚ ਉਲਝਾ ਕੇ ਜੇਲ੍ਹੀਂ ਡੱਕਣਾ ਬੰਦ ਕੀਤਾ ਜਾਵੇ ਅਤੇ ਅਜਿਹੇ ਸਾਰੇ ਕਾਰਕੁੰਨ ਰਿਹਾ ਕੀਤੇ ਜਾਣ। ਲੋਕ ਦੋਖੀ ਬਜ਼ਟ ਤਜਵੀਜ਼ਾਂ ਰੱਦ ਕੀਤੀਆਂ ਜਾਣ ਅਤੇ ਰਸੋਈ ਗੈਸ ਤੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਅਸਹਿ ਵਾਧੇ ਰਾਹੀਂ ਖਪਤਕਾਰਾਂ ਦੀ ਬੇਕਿਰਕ ਲੁਟ ਬੰਦ ਕੀਤੀ ਜਾਵੇ। ਇਸ ਮੋਕੇ ਅਰਸਾਲ ਸਿੰਘ ਸੰਧੂ, ਰਜਿੰਦਰ ਪਾਲ ਕੌਰ, ਦਵਿੰਦਰ ਸੋਹਲ , ਚਮਨ ਲਾਲ ਦਰਾਜਕੇ, ਤਾਰਾ ਸਿੰਘ ਖਹਿਰਾ, ਜਸਪਾਲ ਸਿੰਘ ਝਬਾਲ ,ਬਲਦੇਵ ਸਿੰਘ ਧੁੂੰਦਾ, ਰਜਿੰਦਰ ਕੌਰ ਚੌਹਕਾ, ਬਲਦੇਵ ਸਿੰਘ ਪੰਡੋਰੀ,ਬਲਵਿੰਦਰ ਸਿੰਘ ਦਦੇਹਰ ਸਾਹਿਬ, ਨਰਿੰਦਰ ਕੌਰ ਪੱਟੀ, ਕਿਰਨਜੀਤ ਕੌਰ ਵਲਟੋਹਾ,ਹਰਦੀਪ ਸਿੰਘ ਰਸੂਲਪੁਰ, ਚਰਨ ਸਿੰਘ ਤਰਨਤਾਰਨ, ਕਰਮ ਸਿੰਘ ਫਤਿਆਬਾਦ ਨੇ ਵੀ ਵਿਚਾਰ ਰੱਖੇ। ਕਾਨਫਰੰਸ ਦੀ ਸਮਾਪਤੀ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ। ਇਸ ਮੌਕੇ ਨਿਰਪਾਲ ਸਿੰਘ ਜਾਉਣੇਕੇ ਹਰਭਜਨ ਸਿੰਘ ਪੱਟੀ ਧਰਮ ਸਿੰਘ ਪੱਟੀ ਜਸਬੀਰ ਸਿੰਘ ਵੈਰੋਵਾਲ ਰੇਸ਼ਮ ਸਿੰਘ ਫੈਲੋਕੇ ਆਦਿ ਹਾਜਰ ਸਨ।






