
ਜਲੰਧਰ : ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਾਲੇ ਖੇਤਰਾਂ ਜਿਨ੍ਹਾਂ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ, ਉਥੋਂ ਦੇ ਲੋਕਾਂ ਨੂੰ ਹੁਣ 14 ਦਿਨਾਂ ਤਕ ਘਰਾਂ ਅੰਦਰ ਹੀ ਡੱਕੇ ਰਹਿਣਾ ਪਵੇਗਾ।ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਨੇ ਅੱਜ ਜਾਰੀ ਕੀਤੇ ਗਏ ਆਦੇਸ਼ ‘ਚ ਕਿਹਾ ਹੈ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧੇਰੇ ਗਿਣਤੀ ਵਾਲੇ ਇਲਾਕਿਆਂ ਜਿਨ੍ਹਾਂ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ, ਉਨ੍ਹਾਂ ‘ਚ ਰਹਿਣ ਵਾਲੇ ਲੋਕਾਂ ਨੂੰ ਕਰਫਿਊ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਇਨ੍ਹਾਂ ਇਲਾਕਿਆਂ ਦੇ ਵਾਸੀਆਂ ‘ਤੇ 14 ਦਿਨ ਤਕ ਬਾਹਰ ਨਿਕਲਣ ‘ਤੇ ਸਖ਼ਤ ਪਾਬੰਦੀ ਹੋਵੇਗੀ। ਆਦੇਸ਼ਾਂ ‘ਚ ਕਿਹਾ ਗਿਆ ਹੈ ਕਿ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ‘ਚ ਰਹਿਣ ਵਾਲੇ ਕੰਮਕਾਜੀ ਲੋਕ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਮੁਲਾਜ਼ਮ ਹੋਣ ਨੂੰ 14 ਦਿਨ ਤਕ ਡਿਊਟੀ ਉਪਰ ਹਾਜ਼ਰ ਮੰਨਿਆ ਜਾਵੇਗਾ।






