ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਕਿਸਾਨ ਸੰਘਰਸ਼ ਨੂੰ ਹਮਾਇਤ ਦਿੰਦੀ ਆਈ ਹੈ ਤੇ ਹੁਣ ਵੀ ਦਿੱਲੀ ਵਿਖੇ ਚੱਲ ਰਹੇ ਕਿਸਾਨ ਘੋਲ ਵਿੱਚ ਸ਼ਾਮਲ ਹੋ ਕੇ ਡਟਵੀਂ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ

ਮੋਗਾ (ਅਮਜਦ ਖਾਨ) : ਪਿਛਲੇ ਇਕ ਮਹੀਨੇ ਤੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਪੱਕੇ ਮੋਰਚੇ ਲਾਏ ਹੋਏ ਹਨ। ਡੀ.ਟੀ.ਐੱਫ਼. ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਇਸ ਘੋਲ ਦੀ ਅਹਿਮੀਅਤ ਨੂੰ ਸਮਝਦੇ ਹੋਏ, ਇਸਨੂੰ ਕੁੱਲ ਕਿਰਤੀ ਜਮਾਤ ਦੀ ਸਾਂਝੀ ਲੜਾਈ ਮੰਨਦੇ ਹੋਏ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਕਿਸਾਨ ਸੰਘਰਸ਼ ਨੂੰ ਹਮਾਇਤ ਦਿੰਦੀ ਆਈ ਹੈ ਤੇ ਹੁਣ ਵੀ ਦਿੱਲੀ ਵਿਖੇ ਚੱਲ ਰਹੇ ਕਿਸਾਨ ਘੋਲ ਵਿੱਚ ਸ਼ਾਮਲ ਹੋ ਕੇ ਡਟਵੀਂ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਅੱਜ ਅਧਿਆਪਕਾਂ ਦਾ ਵੱਡਾ ਕਾਫਲਾ ਡੀਟੀਐਫ ਦੇ ਝੰਡੇ ਹੇਠ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਡੀਟੀਐਫ ਮੋਗਾ ਦੇ ਜਿਲ੍ਹਾ ਸਕੱਤਰ ਜਗਵੀਰਨ ਕੌਰ ਦੀ ਅਗਵਾਈ ਵਿਚ ਮੋਗਾ ਸ਼ਹਿਰ ਤੋਂ ਰਵਾਨਾ ਹੋਇਆ ਹੈ। ਕਾਫਲੇ ਨੂੰ ਰਵਾਨਾ ਹੋਣ ਸਮੇਂ ਹਰੀ ਝੰਡੀ ਦੇਣ ਪਹੁੰਚੇ ਡੀਟੀਐਫ ਆਗੂ ਅਮਨਦੀਪ ਮਾਛੀਕੇ ਤੇ ਹਰਪਿੰਦਰ ਢਿੱਲੋਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਖੇਤੀ ਖੇਤਰ ਤੇ ਨਿਰਭਰ ਦੇਸ਼ ਦੇ 80 ਪ੍ਰਤੀਸ਼ਤ ਲੋਕਾਂ ਨੂੰ ਉਜਾੜਨ ਤੇ ਤੁਲੀ ਹੋਈ ਹੈ। ਕੇਂਦਰ ਸਰਕਾਰ ਨੇ ਖੇਤੀ ਬਿੱਲ, ਬਿਜਲੀ ਸੋਧ ਬਿੱਲ ਲਿਆ ਕੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਨ ਦੇ ਮਨਸੂਬਿਆਂ ਨਾਲ ਆਪਣਾ ਲੋਕ ਦੋਖੀ ਚਿਹਰਾ ਨੰਗਾ ਕਰ ਦਿੱਤਾ ਹੈ। ਮੋਦੀ ਸਰਕਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ, ਉਨ੍ਹਾਂ ਦੇ ਡਿਗਦੇ ਜੀਵਨ ਮਿਆਰ ਤੋਂ ਅਣਜਾਣ ਨਹੀਂ ਹੈ ਪਰ ਫਿਰ ਵੀ ਉਹ ਆਰਥਿਕ ਸ਼ੋਸ਼ਣ ਕਰਕੇ, ਕਿਸਾਨਾਂ ਤੋਂ ਜ਼ਮੀਨ ਖੋਹ ਕੇ ਉਨ੍ਹਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲਾਭ ਪਹੁੰਚਾਉਣਾ ਚਾਹੁੰਦੀ ਹੈ। ਡੀਟੀਐਫ ਮੋਗਾ ਦੇ ਜਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਬੁਨਿਆਦੀ ਹੋਂਦ ਦੀ ਲੜਾਈ ਹੈ, ਇਸ ਲਈ ਅਧਿਆਪਕ ਵੀ ਇਸ ਘੋਲ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਪਿਛਾਂਹ ਨਹੀਂ ਹਟਣਗੇ। ਉਨ੍ਹਾਂ ਦਸਿਆ ਕਿ ਮੋਗਾ ਜਿਲ੍ਹੇ ਤੋਂ ਔਰਤ ਅਧਿਆਪਕਾਵਾਂ ਵੀ ਇਸ ਕਾਫਲੇ ਚ ਸ਼ਾਮਲ ਹੋਈਆਂ ਹਨ। ਕਾਫਲੇ ਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਆਦਰਸ਼ ਸਕੂਲ ਅਧਿਆਪਕ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਆਗੂ ਅੰਮਿਤਪਾਲ ਸਿੱਧੂ ਨੇ ਕਿਹਾ ਕਿ ਜਿੰਨਾ ਚਿਰ ਇਹ ਖੇਤੀ ਬਿੱਲ ਵਾਪਸ ਨਹੀਂ ਹੁੰਦੇ, ਪੰਜਾਬ ਦੇ ਅਧਿਆਪਕ ਕਿਸਾਨਾਂ ਦੀ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ। ਇਸ ਸਮੇਂ ਡੀਟੀਐਫ ਮੋਗਾ ਦੇ ਜਿਲ੍ਹਾ ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਵਿਤ ਸਕੱਤਰ ਗੁਰਮੀਤ ਝੋਰੜਾਂ, ਜਿਲਾ ਕਮੇਟੀ ਸੁਖਮੰਦਰ ਸਿੰਘ, ਬਲਾਕ ਨਿਹਾਲ ਸਿੰਘ ਵਾਲਾ ਦੇ ਸਾਬਕਾ ਪ੍ਰਧਾਨ ਸ਼ਿੰਗਾਰਾ ਸਿੰਘ ਸੈਦੋਕੇ, ਬਲਾਕ ਸਕੱਤਰ ਹੀਰਾ ਸਿੰਘ ਢਿੱਲੋਂ, ਜਸਵਿੰਦਰ ਬੁਰਜ ਹਮੀਰਾ, ਨਵਦੀਪ ਸਿੰਘ, ਕ੍ਰਿਸ਼ਨ ਪ੍ਰਤਾਪ, ਕੁਲਵਿੰਦਰ ਚੁਘੇ, ਜੱਸੀ ਪੱਤੋ, ਜਗਦੇਵ ਦੀਨਾ, ਸ਼ਵਿੰਦਰਪਾਲ ਕੌਰ, ਮਨਪਿੰਦਰ ਕੌਰ, ਬਲਜਿੰਦਰ ਕੌਰ, ਤਰਨਜੀਤ ਕੌਰ, ਹਨੀ, ਮਨਜੀਤ ਕੌਰ, ਮਮਤਾ, ਰਾਣੀ ਕੌਰ ਸਮੇਤ ਸੈਂਕੜੇ ਅਧਿਆਪਕ ਟਿਕਰੀ ਬਾਰਡਰ ਦਿੱਲੀ ਨੂੰ ਰਵਾਨਾ ਹੋਏ।






