ਜੇਕਰ ਅੱਜ ਵੀ ਗ੍ਰਿਫਤਾਰੀਆਂ ਨਾ ਕੀਤੀਆਂ ਤਾਂ 11 ਸਤੰਬਰ ਨੂੰ ਫਿਰੋਜ਼ਪੁਰ ਦੀ ਜੇਲ੍ਹ ਅੱਗੇ ਮੋਰਚੇ ਦਾ ਕੀਤਾ ਐਲਾਨ ।

ਫਿਰੋਜ਼ਪੁਰ (ਹਰਪ੍ਰੀਤ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਤਿੰਨੇ ਖੇਤੀ ਆਰਡੀਨੈੱਸ ਜਿਵੇਂ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ, ਕਿਸਾਨੀ ਉਪਜ ਵਣਜ ਵਪਾਰ ਆਰਡੀਨੈਂਸ, ਕੀਮਤ ਗਾਰੰਟੀ ਖੇਤੀ ਸੇਵਾਵਾਂ ਆਰਡੀਨੈਂਸ 2020 ਜਿਹੇ ਕਾਨੂੰਨਾਂ ਦੇ ਖਰੜਿਆਂ ਤੇ ਬਿਜਲੀ ਸੋਧ ਬਿੱਲ 202 ਨੂੰ ਰੱਦ ਕਰਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਲਾਇਆ ਜੇਲ੍ਹ ਭਰੋ ਮੋਰਚਾ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ ਤੇ 51 ਦੇ ਜਥੇ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ । ਕਿਸਾਨ ਆਗੂਆਂ ਐਲਾਨ ਕੀਤਾ ਕਿ ਜੇਕਰ ਅੱਜ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰੀ ਨਾ ਕੀਤੀ ਤਾਂ 11 ਸਤੰਬਰ ਨੂੰ ਮੋਰਚਾ ਫ਼ਿਰੋਜ਼ਪੁਰ ਦੀ ਜੇਲ੍ਹ ਦੇ ਅੱਗੇ ਲਾਇਆ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੀਆਂ ਗ੍ਰਿਫਤਾਰੀਆਂ ਦੇਣਗੇ । ਇਸ ਮੌਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਛਪਾਲ ਸਿੰਘ ਗੱਟਾ ਬਾਦਸ਼ਾਹ ਤੇ ਬਲਵਿੰਦਰ ਸਿੰਘ ਲੋਹੁਕਾਂ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸ ਦੇ ਲਾਗੂ ਹੋਣ ਨਾਲ ਕਿਸਾਨੀ ਕਿੱਤਾ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ । ਜਿਵੇਂ 2006 ਵਿੱਚ ਬਿਹਾਰ ਵਿੱਚ ਉਕਤ ਮਾਡਲ ਲਾਗੂ ਕੀਤਾ ਗਿਆ ਸੀ ਤੇ ਅੱਜ ਬਿਹਾਰ ਦੇ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ । ਇਸ ਖੁੱਲ੍ਹੀ ਮੰਡੀ ਦਾ ਮਾਡਲ ਪਹਿਲਾਂ ਹੀ ਯੂਰਪ ਤੇ ਅਮਰੀਕਾ ਜਿਹੇ ਦੇਸ਼ਾਂ ਵਿੱਚ ਫੇਲ ਹੋ ਚੁੱਕਾ ਹੈ । ਆਰਡੀਨੈਂਸ ਦੇ ਲਾਗੂ ਹੋਣ ਨਾਲ ਵਪਾਰੀ ਵਰਗ ਨੂੰ ਪੂਰੀ ਤਰ੍ਹਾਂ ਖੁੱਲ੍ਹ ਦੇ ਦਿੱਤੀ ਜਾਵੇਗੀ ਤੇ ਕਾਰਪੋਰੇਟ ਜਗਤ ਦੇ ਵਪਾਰੀ ਆਪਣੀ ਮਨਮਰਜ਼ੀ ਨਾਲ ਕੌਡੀਆਂ ਦੇ ਭਾਅ ਫ਼ਸਲ ਖਰੀਦਣਗੇ ਤੇ ਕਿਸਾਨਾਂ ਦੀ ਵੱਡੇ ਪੱਧਰ ਲੁੱਟ ਕਰਨਗੇ । ਇਸੇ ਤਰ੍ਹਾਂ ਬਿਜਲੀ ਸੋਧ ਬਿੱਲ 2020 ਦੇ ਕਾਲੇ ਕਾਨੂੰਨਾਂ ਤਹਿਤ ਬਿਜਲੀ ਦਾ ਪੂਰੀ ਤਰ੍ਹਾਂ ਨਿੱਜੀਕਰਨ ਹੋ ਜਾਵੇਗਾ ਤੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਤੇ ਮਿਲਦੀ ਨਿਗੂਣੀ ਬਿਜਲੀ ਸਬਸਿਡੀ ਬੰਦ ਕਰਕੇ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਬਿੱਲ ਲਗਾਇਆ ਜਾਵੇਗਾ ਤੇ ਗਰੀਬਾਂ ਦੀ 200 ਯੂਨਿਟ ਮੁਫ਼ਤ ਬਿਜਲੀ ਵੀ ਬੰਦ ਕਰ ਦਿੱਤੀ ਜਾਵੇਗੀ । ਇਨ੍ਹਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ । ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਹ ਆਰਡੀਨੈਂਸ ਕਿਸੇ ਵੀ ਕੀਮਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ,ਚਾਹੇ ਸਾਨੂੰ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ । ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ, ਗੁਰਮੇਲ ਸਿੰਘ ਫੱਤੇ ਵਾਲਾ, ਬਲਜਿੰਦਰ ਸਿੰਘ ਤਲਵੰਡੀ ਹਰਫੂਲ ਸਿੰਘ, ਬਚਿੱਤਰ ਸਿੰਘ ਕੁਤਬਦੀਨ, ਰਣਜੀਤ ਸਿੰਘ ਖੱਚਰ ਵਾਲਾ, ਮਹਿਤਾਬ ਸਿੰਘ ਕੱਚਰਭੰਨ, ਮੱਸਾ ਸਿੰਘ ਆਸਿਫਵਾਲਾ,ਹਰਨੇਕ ਸਿੰਘ ਕਮਾਲਾ ਬੋਤਲਾਂ, ਰੰਗਾ ਸਿੰਘ ਭੁੱਲਰ, ਚਰਨਜੀਤ ਸਿੰਘ, ਸੁਖਦੇਵ ਸਿੰਘ,ਰਸਾਲ ਸਿੰਘ ਢੋਲੇਵਾਲਾ, ਸੁਖਵੰਤ ਸਿੰਘ ਲੋਹੁਕਾ, ਚਮਕੌਰ ਸਿੰਘ,ਚੰਦ ਸਿੰਘ, ਅਮਰੀਕ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ ।





