ਡੀਪੂ ਹੋਲਡਰ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਮਿਲੇ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਡੀਪੂਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅੱਜ ਆਲ ਇੰਡੀਆ ਦੇ ਵਾਇਸ ਪ੍ਰਧਾਨ ਅਤੇ ਸੂਬਾ ਪ੍ਰਧਾਨ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਇੰਜ: ਗੁਰਜਿੰਦਰ ਸਿੰਘ ਸਿੱਧੂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ-ਪੱਤਰ ਦਿੱਤਾ ਗਿਆ | ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੋਰੋਨਾ ਮਹਾਂਮਾਰੀ ਮਾਰਚ-2020 ਤੋਂ ਚੱਲ ਰਹੀ ਹੈ ਅਤੇ ਜਿੰਨੇ ਵਾਰ ਵੀ ਗ਼ਰੀਬਾਂ ਨੂੰ ਰਾਸ਼ਨ ਦੀ ਵੰਡ ਹੋਈ ਹੈ, ਕਦੇ ਵੀ ਫੂਡ ਸਪਲਾਈ ਵਿਭਾਗ ਨੇ ਕੋਈ ਸਹੂਲਤ ਕੋਰੋਨਾ ਤੋਂ ਬਚਣ ਲਈ ਡੀਪੂ ਹੋਲਡਰਾਂ ਨੂੰ ਨਹੀਂ ਦਿੱਤੀ | ਜਿਸ ਕਾਰਨ ਹੁਣ ਤੱਕ ਅੱਠ ਡੀਪੂ ਹੋਲਡਰ ਕੋਰੋਨਾ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ | ਇੰਜ: ਸਿੱਧੂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਅਤੇ ਫੂਡ ਸਪਲਾਈ ਮੰਤਰੀ ਨੂੰ ਅਨੇਕਾਂ ਹੀ ਚਿੱਠੀਆਂ ਕੱਢ ਚੁੱਕਾ ਹਾਂ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਡੀਪੂ ਮਾਲਕਾਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਕੋਰੋਨਾ ਯੋਧੇ ਐਲਾਨਿਆ ਜਾਵੇ ਤੇ ਕੋਰੋਨਾ ਤੋਂ ਬਚਣ ਲਈ ਸਾਰੀਆਂ ਸੇਫ਼ਟੀ ਸਹੂਲਤਾਂ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕੋਰੋਨਾ ਤੋਂ ਬਚਾਉਣ ਲਈ ਯਤਨਸ਼ੀਲ ਹੈ ਦੂਜੇ ਪਾਸੇ ਸਰਕਾਰ ਡੀਪੂ ਹੋਲਡਰਾਂ ਨੂੰ 1 ਕਰੋੜ 42 ਲੱਖ ਲੋਕਾਂ ਨੂੰ ਕਣਕ ਦੀ ਵੰਡ ਲਈ ਬਿਨਾਂ ਕਿਸੇ ਸੇਫ਼ਟੀ ਤੋਂ ਮਜਬੂਰ ਕਰ ਰਹੀ ਹੈ | ਇਸ ਲਈ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਡੀਪੂਆਂ ‘ਤੇ ਕਣਕ ਮਸ਼ੀਨਾਂ ਰਾਹੀਂ ਨਹੀਂ ਬਲਕਿ ਰੋਸਟਰ ਬਣਾ ਕੇ ਵੰਡਣੀ ਚਾਹੀਦੀ ਹੈ ਅਤੇ ਸਰਕਾਰ 10-10 ਕਿੱਲੋ ਦੀਆਂ ਥੈਲੀਆਂ ਪੈਕ ਕਰ ਕੇ ਕਣਕ ਡੀਪੂ ਹੋਲਡਰਾਂ ਨੂੰ ਮੁਹੱਈਆ ਕਰਵਾਏ | ਸਰਕਾਰ ਡੀਪੂ ਹੋਲਡਰਾਂ ਨੂੰ ਕੋਰੋਨਾ ਸਬੰਧੀ ਵੀ ਕੋੋਰੋਨਾ ਯੋਧੇ ਐਲਾਨਿਆ ਜਾਵੇ ਤਾਂ ਕਿ ਡੀਪੂ ਹੋਲਡਰ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਮਿਲ ਸਕੇ | ਇਸ ਮੌਕੇ ਸੁਭਾਸ਼ ਧਨੌਲਾ, ਅਮਰਜੀਤ ਹਮੀਦੀ, ਲਖਵਿੰਦਰ ਸਿੰਘ ਲਾਲੀ, ਰਾਕੇਸ਼ ਸੇਖਾ, ਰਣਜੋਧ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਚੰਦ ਸਿੰਘ ਬੀਹਲਾ ਆਦਿ ਡੀਪੂ ਹੋਲਡਰ ਹਾਜ਼ਰ ਸਨ |




