
ਮੋਗਾ (ਹੈੱਪੀ ਢੰਡ) 27 ਜੁਲਾਈ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੀ ਸਿਵਲ ਹਸਪਤਾਲ ਮੋਗਾ ਦੀ ਫੇਰੀ ਦੌਰਾਨ ਸਿਹਤ ਵਿਭਾਗ ਦੀ ਸਿਰਮੌਰ ਜੱਥੇਬੰਦੀ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦਾ ਇੱਕ ਸੱਤ ਮੈਂਬਰੀ ਵਫਦ ਆਪਣੀਆਂ ਭਖਦੀਆਂ ਮੰਗਾਂ ਦੇ ਸਬੰਧ ਵਿੱਚ ਜਿਲ੍ਹਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਿਹਤ ਮੰਤਰੀ ਨੂੰ ਮਿਲਿਆ । ਜਿਕਰਯੋਗ ਹੈ ਕਿ ਡਾਕਟਰਾਂ ਸਮੇਤ ਸਿਹਤ ਵਿਭਾਗ ਦੇ ਸਮੁੱਚੇ ਮੁਲਾਜ਼ਮ ਪਿਛਲੇ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੋਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਨਾਰਾਜ਼ ਹਨ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ । ਅੱਜ ਦੀ ਮੋਗਾ ਫੇਰੀ ਦੌਰਾਨ ਮੁਲਾਜ਼ਮਾਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਜਿਸ ਦੀ ਜਿਲ੍ਹਾ ਪ੍ਰਸ਼ਾਸ਼ਨ ਨੂੰ ਭਿਣਕ ਲੱਗਦੇ ਹੀ ਉਹਨਾਂ ਸਿਹਤ ਮੰਤਰੀ ਨਾਲ ਮੀਟਿੰਗ ਫਿਕਸ ਕਰਵਾ ਦਿੱਤੀ । ਇਸ ਮੌਕੇ ਜਿਲ੍ਹਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪੇਅ ਕਮਿਸ਼ਨ ਵੱਲੋਂ ਤਜਵੀਜ਼ ਕੀਤਾ ਗਿਆ 2.25 ਦਾ ਫਾਰਮੂਲਾ ਅਸੀਂ ਮੁੱਢੋਂ ਰੱਦ ਕਰ ਚੁੱਕੇ ਹਾਂ, ਇਸ ਲਈ ਸਾਡੇ ਤੇ ਘੱਟੋ ਘੱਟ 2.59 ਦਾ ਫਾਰਮੂਲਾ ਲਾਗੂ ਕੀਤਾ ਜਾਵੇ । ਐਨ.ਐਚ.ਐਮ., ਕੱਚੇ, ਆਊਟਸੋਰਸ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਨ, ਸਿਹਤ ਵਿਭਾਗ ਦੀਆਂ ਲੈਬਾਰਟਰੀਆਂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਨੂੰ ਵਾਪਿਸ ਲੈਣ, ਸਿਹਤ ਵਿਭਾਗ ਵਿੱਚ ਡੈਪੂਟੇਸ਼ਨ ਤੇ ਕੰਮ ਕਰ ਰਹੇ 150 ਦੇ ਕਰੀਬ ਬੰਦ ਪਈਆਂ ਤਨਖਾਹਾਂ ਰਿਲੀਜ਼ ਕਰਨ, ਮਲਟੀਪਰਪਜ਼ ਹੈਲਥ ਕੇਡਰ, ਸਟਾਫ ਨਰਸ ਅਤੇ ਐਮ.ਐਲ.ਟੀ. ਦੇ ਅਹੁਦਿਆਂ ਦਾ ਨਾਮ ਬਦਲਣ, ਰਿਟਾਇਰ ਹੋਏ ਮੁਲਾਜ਼ਮਾਂ ਦੇ ਪੈਂਡਿੰਗ ਪਏ ਬਕਾਏ ਤੁਰੰਤ ਜਾਰੀ ਕਰਨ ਅਤੇ ਸੁਖਵਿੰਦਰ ਕੌਰ ਮਲਟੀਪਰਪਜ਼ ਹੈਲਥ ਵਰਕਰ ਦੀ ਕੋਟ ਭਾਈ ਮੁਕਤਸਰ ਤੋਂ ਪਠਾਨਕੋਟ ਸਿਆਸੀ ਆਧਾਰ ਤੇ ਕੀਤੀ ਗਈ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ, ਜਿਸ ਬਾਰੇ ਸਿਹਤ ਮੰਤਰੀ ਨੇ ਵਫਦ ਨੂੰ ਇਹ ਭਰੋਸਾ ਦਿੱਤਾ ਕਿ ਇਹਨਾਂ ਵਿੱਚੋਂ ਮੰਗਾ ਪਲਿਾਂ ਹੀ ਸਾਡੇ ਵਿਚਾਰ ਅਧੀਨ ਹਲ ਤੇ ਜਲਦ ਹੀ ਇਹਨਾਂ ਸਭ ਮੰਗਾ ਦਾ ਹੱਲ ਕਰ ਦਿੱਤਾ ਜਵੇਗਾ। ਇਸ ਮੀਟਿੰਗ ਉਪਰੰਤ ਤਾਲਮੇਲ ਕਮੇਟੀ ਪੈਰਾਮੈਡੀਕਲ ਦੀ 29 ਜੁਲਾਈ ਦੇ ਪਟਿਆਲਾ ਧਰਨੇ ਸਬੰਧੀ ਮੀਟਿੰਗ ਹੋਈ, ਜਿਸ ਵਿੱਚ ਮੋਗਾ ਜਿਲ੍ਹੇ ਤੋਂ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਉਹਨਾਂ ਦੱਸਿਆ ਕਿ 29 ਜੁਲਾਈ ਨੂੰ ਸਵੇਰੇ ਸੱਤ ਵਜੇ ਕੌੜਾ ਹਸਪਤਾਲ ਮੋਗਾ ਕੋਲੋਂ ਦੋ ਵੱਡੀਆਂ ਬੱਸਾਂ ਪਟਿਆਲਾ ਲਈ ਰਵਾਨਾ ਹੋਣਗੀਆਂ । ਉਹਨਾਂ ਸਭ ਸਿਹਤ ਮੁਲਾਜ਼ਮਾਂ ਨੂੰ ਪਟਿਆਲਾ ਵੱਲ ਵਹੀਰਾਂ ਘੱਤਣ ਲਈ 29 ਜੁਲਾਈ ਨੂੰ ਸਵੇਰੇ 7 ਵਜੇ ਕੌੜਾ ਹਸਪਤਾਲ ਮੋਗਾ ਕੋਲ ਪਹੁੰਚਣ ਦੀ ਅਪੀਲ ਕੀਤੀ । ਇਸ ਮੋਕੇ ਜੱਥੇਬੰਦੀ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਮਾਹਲਾ, ਮਹਿੰਦਰ ਪਾਲ ਲੂੰਬਾ, ਜਗਪਾਲ ਕੌਰ, ਗੁਰਬਚਨ ਸਿੰਘ ਕੰਗ, ਰਘੁਵੀਰ ਸਿੰਘ ਰਾਏ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਕੌਰ, ਰਾਣੀ ਸਿੱਧੂ, ਸ਼ਰਨਜੀਤ ਕੌਰ, ਰਜਨੀ ਰਾਣੀ, ਅਨਮੋਲ ਸਿੰਘ ਭੱਟੀ, ਰਮਨਜੀਤ ਸਿੰਘ ਭੁੱਲਰ, ਰਣਜੀਤ ਸਿੰਘ, ਬਲਵਿੰਦਰ ਸ਼ਰਮਾ, ਅਮਰਪ੍ਰੀਤ ਸਿੰਘ, ਕੁਲਵੰਤ ਸਿੰਘ ਅਤੇ ਗਗਨਪ੍ਰੀਤ ਸਿੰਘ ਆਦਿ ਹਾਜਰ ਸਨ।




