17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬੀ ’ਵਰਸਿਟੀ ਵੱਲੋਂ ਕਰਵਾਈ ਜਾ ਰਹੀ ਕਨਵੋਕੇਸ਼ਨ ’ਤੇ ਛਿੜਿਆ ਵਿਵਾਦ

ਪੰਜਾਬੀ ’ਵਰਸਿਟੀ ਵੱਲੋਂ ਕਰਵਾਈ ਜਾ ਰਹੀ ਕਨਵੋਕੇਸ਼ਨ ’ਤੇ ਛਿੜਿਆ ਵਿਵਾਦ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਕਨਵੋਕੇਸ਼ਨ ਤੋਂ ਪਹਿਲਾਂ ਹੀ ਵਿਵਾਦ ਛਿਡ਼ ਗਿਆ ਹੈ। ਇਸ ਸਬੰਧ ’ਚ ਰਿਸਰਚ ਸਕਾਲਰਾਂ ਨੇ ’ਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਕਾਲਰਾਂ ਦਾ ਕਹਿਣਾ ਹੈ ਕਿ ’ਵਰਸਿਟੀ ਵੱਲੋਂ ਕਰਵਾਈ ਜਾ ਰਹੀ ਕਨਵੋਕੇਸ਼ਨ ’ਚ ਪੁਰਾਣੇ ਪੀਐੱਚਡੀ ਹੋਲਡਰਾਂ ਨੂੰ ਨੁੱਕਰੇ ਲਾ ਕੇ ਸਿਰਫ਼ ਨਵੇਂ ਹੋਲਡਰਾਂ ਨੂੰ ਹੀ ਡਿਗਰੀਆਂ ਦੀ ਵੰਡ ਕੀਤੀ ਜਾ ਰਹੀ ਹੈ। ਹੋਲਡਰਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।

ਜਾਣਕਾਰੀ ਅਨੁਸਾਰ ਪੰਜਾਬੀ ’ਵਰਸਿਟੀ ਪਟਿਆਲਾ ਵੱਲੋਂ ਛੇ ਸਾਲਾਂ ਬਾਅਦ 9 ਦਸੰਬਰ 2021 ਨੂੰ ਕੀਤੀ ਜਾ ਰਹੀ ਕਨਵੋਕੇਸ਼ਨ ’ਚ 2021 ਤੋਂ ਪਹਿਲਾਂ ਆਪਣਾ ਖੋਜ ਕਾਰਜ ਮੁਕੰਮਲ ਚੁੱਕੇ ਰਿਸਰਚ ਸਕਾਲਰਾਂ ਨੂੰ ਕਨਵੋਕੇਸ਼ਨ ਦੀ ਬਜਾਏ ਦੂਸਰੇ ਉਮੀਦਵਾਰਾਂ ਨੂੰ ਡਿਗਰੀਆਂ ਦਿੱਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਰਿਸਰਚ ਸਕਾਲਰਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਰਿਸਰਚ ਸਕਾਲਰਾਂ ਵੱਲੋਂ ਵਾਈਸ ਚਾਂਸਲਰ, ਉਚੇਰੀ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨੂੰ ਆਨਲਾਈਨ ਪੱਤਰ ਭੇਜ ਕੇ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੁਆਰਾ ਸਖ਼ਤ ਮਿਹਨਤ ਨਾਲ ਮੁਕੰਮਲ ਕੀਤੀਆਂ ਡਾਕਟਰੇਟ ਦੀਆਂ ਡਿਗਰੀਆਂ ਕਨਵੋਕੇਸ਼ਨ ’ਚ ਹੀ ਦਿੱਤੀਆਂ ਜਾਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ, ਰੁਪਿੰਦਰ ਸਿੰਘ ਢਿੱਲੋਂ ਤੇ ਦੀਦਾਰ ਸਿੰਘ ਸਮਾਣਾ ਨੇ ਕਿਹਾ ਕਿ ਪੀਐੱਚਡੀ ਦੀ ਡਿਗਰੀ ਦੌਰਾਨ ਹਰ ਇਕ ਰਿਸਰਚ ਸਕਾਲਰ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਤੇ ਸ਼ਕਤੀ ਲਾ ਕੇ ਖੋਜ ਕਾਰਜ ਮੁਕੰਮਲ ਕਰਦਾ ਹੈ। ਇਸ ਲਈ ’ਵਰਸਿਟੀ ਵੱਲੋਂ ਇਹ ਡਿਗਰੀ ਕਨਵੋਕੇਸ਼ਨ ’ਚ ਹੀ ਪੂਰੇ ਮਾਣ-ਸਨਮਾਨ ਨਾਲ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਇਸ ਮਸਲੇ ਸਬੰਧੀ ਇਨਸਾਫ਼ ਲੈਣ ਲਈ ਜਲਦ ਹੀ ’ਵਰਸਿਟੀ ਦੇ ਵਾਈਸ ਚਾਂਸਲਰ ਤੇ ਉਚੇਰੀ ਸਿੱਖਿਆ ਮੰਤਰੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ।

ਡਿਗਰੀਆਂ ਨਾ ਮਿਲੀਆਂ ਤਾਂ ਹੋਲਡਰ ਕਰਨਗੇ ਕਨਵੋਕੇਸ਼ਨ ’ਚ ਵਿਰੋਧ

ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਡਿਗਰੀਆਂ ਦੀ ਗਿਣਤੀ ਦੇ ਵੱਧ ਹੋਣ ਦੀ ਸਜ਼ਾ ਡਿਗਰੀਆਂ ਮੁਕੰਮਲ ਕਰਨ ਵਾਲੇ ਉਮੀਦਵਾਰਾਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ’ਵਰਸਿਟੀ ਦੀ ਗ਼ਲਤੀ ਦਾ ਨਤੀਜਾ ਹੈ, ਜਿਸਨੇ ਪਿਛਲੇ ਛੇ ਸਾਲਾਂ ’ਚ ਕਨਵੋਕੇਸ਼ਨ ਦਾ ਆਯੋਜਨ ਨਹੀਂ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਯੂਨੀਵਰਸਿਟੀ ਦੁਆਰਾ ਸਮੂਹ ਪੀਐੱਚਡੀ ਕਰਨ ਵਾਲਿਆਂ ਨੂੰ ਡਿਗਰੀ ਦੇਣ ਲਈ ਕਨਵੋਕੇਸ਼ਨ ’ਚ ਨਹੀਂ ਬੁਲਾਇਆ ਜਾਂਦਾ ਤਾਂ ਕਨਵੋਕੇਸ਼ਨ ਦੇ ਸਮਾਨਾਂਤਰ ਰੋਸ ਪ੍ਰੋਗਰਾਮ ਕਰ ਕੇ ਵਿਰੋਧ ਕੀਤਾ ਜਾਵੇਗਾ, ਜਿਸ ਲਈ ’ਵਰਸਿਟੀ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਪੀਐੱਚਡੀ ਹੋਲਡਰਾਂ ਦੀ ਹੱਲ ਕੀਤੀ ਜਾਵੇਗੀ ਸਮੱਸਿਆ : ਵਾਈਸ ਚਾਂਸਲਰ

ਇਸ ਸਬੰਧੀ ਰਾਬਤਾ ਕਾਇਮ ਕਰਨ ’ਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬੀ ’ਵਰਸਿਟੀ ਵੱਲੋਂ ਪ੍ਰਸ਼ਾਸਨ ਵੱਲੋਂ ਕਨਵੋਕੇਸ਼ਨ ਦੇ ਸਬੰਧ ’ਚ ਪੀਐੱਚਡੀ ਹੋਲਡਰਾਂ ਨੂੰ ਡਿਗਰੀਆਂ ਨਾ ਮਿਲਣ ਦੀ ਜਾਣਕਾਰੀ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਜੇਕਰ ਹੋਲਡਰਾਂ ਨੂੰ ਅਜਿਹੀ ਕੋਈ ਪਹਿਲਾਂ ਸਮੱਸਿਆ ਆਈ ਸੀ ਤਾਂ ਉਹ ਇਸ ਸਬੰਧ ’ਚ ਡਿਗਰੀ ਹੋਲਡਰਾਂ ਨਾਲ ਵੀ ਮੀਟਿੰਗ ਕਰਕੇ ਹੱਲ ਕੱਢਣਗੇ। ਇਸ ਦੇ ਨਾਲ ਹੀ ਜੇਕਰ ਇਸ ਕਨਵੋਕੇਸ਼ਨ ’ਚ ਜੋ ਪੀਐੱਚਡੀ ਹੋਲਡਰ ਰਹਿ ਜਾਣਗੇ ਤਾਂ ਉਨ੍ਹਾਂ ਲਈ ਜਲਦ ਹੀ ਦੂਸਰੀ ਕਨਵੋਕੇਸ਼ਨ ਦਾ ਸਮਾਂ ਨਿਰਧਾਰਤ ਕਰ ਕੇ ਉਨ੍ਹਾਂ ਨੂੰ ਵੀ ਡਿਗਰੀਆਂ ਦੀ ਵੰਡ ਕਰ ਕੇ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS