ਚੰਡੀਗੜ੍ਹ : ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਤੋਂ ਜ਼ਿਮਨੀ ਚੋਣ ‘ਚ ਸੰਸਦ ਮੈਂਬਰ ਚੁਣੇ ਗਏ ਸਿਮਰਨਜੀਤ ਸਿੰਘ ਮਾਨ (Simarnjit Singh Mann) ਨੇ ਖਾਲਿਸਤਾਨ (Khalistan) ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਫਾਇਦੇ ਵੀ ਦੱਸੇ। ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ ਹਨ ਤੇ ਗਰਮਖ਼ਿਆਲੀ ਮੰਨੇ ਜਾਂਦੇ ਹਨ।
ਸਿਮਰਨਜੀਤ ਸਿੰਘ ਮਾਨ ਹਾਲ ਹੀ ‘ਚ ਸੰਗਰੂਰ ਜ਼ਿਮਨੀ ਚੋਣ ‘ਚ ਜਿੱਤੇ ਹਨ। ਇਹ ਸੀਟ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਾਰਨ ਸੰਸਦੀ ਸੀਟ ਛੱਡਣ ਤੋਂ ਬਾਅਦ ਖਾਲੀ ਹੋਈ ਸੀ। ਸਿਮਰਨਜੀਤ ਸਿੰਘ ਮਾਨ ਬੀਤੇ ਦਿਨੀਂ ਵੀ ਵਿਵਾਦਿਤ ਬਿਆਨ ਦਿੰਦੇ ਰਹੇ ਹਨ। ਉਨ੍ਹਾਂ ਆਪਣੇ ਬਿਆਨ ‘ਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਗੁਆਂਢੀ ਮੁਲਕਾਂ ਪਾਕਿਸਤਾਨ ਤੇ ਚੀਨ ਦਾ ਵੀ ਜ਼ਿਕਰ ਕੀਤਾ।ਦੱਸ ਦੇਈਏ ਕਿ 77 ਸਾਲਾ ਸਿਮਰਨਜੀਤ ਸਿੰਘ ਮਾਨ 23 ਸਾਲ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਹਨ। ਇਸ ਤੋਂ ਪਹਿਲਾਂ ਉਹ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ 1999 ਵਿੱਚ ਸੰਗਰੂਰ ਸੀਟ ਦੀ ਨੁਮਾਇੰਦਗੀ ਕੀਤੀ ਸੀ। ਮਾਨ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਇਕ ਆਈਪੀਐਸ ਅਧਿਕਾਰੀ ਸਨ। ਸਾਕਾ ਨੀਲਾ ਤਾਰਾ ਕਾਰਨ ਉਨ੍ਹਾਂ ਨੌਕਰੀ ਛੱਡ ਕੇ ਸਿਆਸਤ ‘ਚ ਕਦਮ ਰੱਖਿਆ ਸੀ।1989 ‘ਚ ਤਰਨਤਾਰਨ ਤੋਂ ਉਦੋਂ ਉਹ ਐਮ.ਪੀ. ਬਣੇ ਜਦੋਂ ਉਹ ਜੇਲ੍ਹ ‘ਚ ਬੰਦ ਸਨ। ਉਨ੍ਹਾਂ ਪੰਜ ਲੱਖ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਸੀ। ਮਾਨ ਪਹਿਲਾਂ ਵੀ ਵਿਵਾਦਾਂ ‘ਚ ਰਹੇ ਹਨ। ਇਕ ਵਾਰ ਉਹ ਕਿਰਪਾਨ ਲੈ ਕੇ ਸੰਸਦ ‘ਚ ਚਲੇ ਗਏ ਸਨ। ਮਾਨ ਨੇ ਆਪਣੇ ਪੁਲਿਸ ਕੈਰੀਅਰ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਐਸਐਸਪੀ ਦਾ ਅਹੁਦਾ ਸੰਭਾਲਿਆ। ਉਹ ਡਿਪਟੀ ਡਾਇਰੈਕਟਰ ਵਿਜੀਲੈਂਸ ਵੀ ਰਹੇ। ਪੁਲਿਸ ਨੇ ਉਨ੍ਹਾਂ ਨੂੰ ਵੱਖ-ਵੱਖ ਮਾਮਲਿਆਂ ‘ਚ ਕਰੀਬ 30 ਵਾਰ ਗ੍ਰਿਫਤਾਰ ਕੀਤਾ ਸੀ।






