14 ਮਹੀਨਿਆਂ ਵਿੱਚ 9251 ਮਰੀਜ਼ਾਂ ਦੀ ਹੋਈ ਨਵੀਂ ਰਜਿਸਟਰੇਸ਼ਨ, ਅੰਦਾਜ਼ਨ 1650 ਮਰੀਜ਼ ਰੋਜ਼ਾਨਾ ਦਵਾਈ ਲੈਂਦੇ ਰਹੇ
ਓਟ ਸਟਾਫ ਵੱਲੋਂ ਕਰੋਨਾ ਕਾਲ ਦੌਰਾਨ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਮਰੀਜ਼ਾਂ ਦੀ ਦਿਲੋਂ ਸੇਵਾ ਕੀਤੀ ਜਾ ਰਹੀ – ਡਾਕਟਰ ਚਰਨਪ੍ਰੀਤ ਸਿੰਘ

ਮੋਗਾ (ਹੈਪੀ-ਹਰਪਾਲ) : ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਵੇਂ ਕਿ ਕੋਈ ਵੀ ਵਿਅਕਤੀ ਜਾਂ ਕੰਮ ਕਾਰ ਪ੍ਰਭਾਵਿਤ ਹੋਣ ਤੋਂ ਬਚ ਨਹੀਂ ਸਕਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਖੋਲ੍ਹੇ ਗਏ ਓਟ ਸੈਂਟਰ ਨਿਰੰਤਰ ਸੇਵਾਵਾਂ ਦਿੰਦੇ ਰਹੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਵਿੱਚ ਇਹਨਾਂ ਸੈਂਟਰਾਂ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੋਗਾ ਦੇ ਨੋਡਲ ਅਫ਼ਸਰ ਅਤੇ ਮਨੋਰੋਗਾਂ ਦੇ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 7 ਓਟ ਸੈਂਟਰ (ਜਨੇਰ, ਕੋਟ ਈਸੇ ਖਾਂ, ਢੁੱਡੀਕੇ, ਡਰੋਲੀ ਭਾਈ, ਬੱਧਨੀ ਕਲਾਂ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ) ਚੱਲ ਰਹੇ ਹਨ।ਇਹਨਾਂ ਓਟ ਸੈਂਟਰਾ ਦੀ ਸ਼ੂਰੁਆਤ ਪੰਜਾਬ ਸਰਕਾਰ ਵੱਲੋ 26 ਅਕਤੂਬਰ 2017 ਨੂੰ ਕੀਤੀ ਗਈ।ਇਹਨਾਂ ਓਟ ਸੈਂਟਰਾਂ ਵਿੱਚ ਨਸ਼ੇ ਤੋਂ ਗ੍ਰਸਤ ਲੋਕਾਂ ਦਾ ਇਲਾਜ ਜੀਬ ਥੰਲੇ ਰੱਖਣ ਵਾਲੀ ਗੋਲੀ ਨਾਲ ਮੁਫਤ ਕੀਤਾ ਜਾ ਰਿਹਾ ਹੈ।ਓਟ ਸੈਂਟਰਾਂ ਦੇ ਸ਼ੁਰੂ ਹੋਣ ਤੋਂ 31 ਮਈ 2021 ਤੱਕ 18774 ਮਰੀਜਾਂ ਦੀ ਨਵੀਂ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ।ਜਿਸ ਵਿੱਚ 26 ਅਕਤੂਬਰ 2017 ਤੋਂ 28 ਫਰਵਰੀ 2020 ਤੱਕ 9523 ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਅੰਦਾਜ਼ਨ 1935 ਮਰੀਜ਼ ਰੋਜ਼ਾਨਾ ਦਵਾਈ ਲੈਂਦੇ ਸਨ। ਕਰੋਨਾ ਕਾਲ ਦੌਰਾਨ 01 ਮਾਰਚ 2020 ਤੋਂ 31 ਮਈ 2021 ਤੱਕ 9251 ਮਰੀਜ਼ਾਂ ਦੀ ਨਵੀਂ ਰਜਿਸਟਰੇਸ਼ਨ ਕੀਤੀ ਗਈ ਅਤੇ ਅੰਦਾਜ਼ਨ 1650 ਮਰੀਜ਼ ਰੋਜ਼ਾਨਾ ਦਵਾਈ ਲੈਂਦੇ ਹਨ।

ਇਸ ਸਮੇਂ ਦੌਰਾਨ ਬਿਮਾਰੀ ਰੋਕਣ ਲਈ ਮਰੀਜ਼ਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ‘ਟੇਕ ਹੋਮ ਡੋਜ਼’ (ਘਰ ਦਵਾਈ ਲਿਜਾਣ ਦੀ ਸਹੂਲਤ) ਦੇਣੀ ਸ਼ੁਰੂ ਕੀਤੀ ਗਈ ਹੈ। ਓਟ ਸੈਂਟਰਾਂ ਵਿੱਚ ਕੰਮ ਕਰਦੇ ਸਾਰੇ ਕਾਊਸਲਰਾਂ ਵੱਲੋਂ ਮਰੀਜ਼ਾਂ ਦੀ ਕਾਊਸਲਿੰਗ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਲਈ ਪੇ੍ਰਿਤ ਕੀਤਾ ਜਾਂਦਾ ਹੈ।ਓਟ ਸਟਾਫ ਵੱਲੋ ਕਰੋਨਾ ਕਾਲ ਦੋਰਾਨ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਮਰੀਜ਼ਾਂ ਦੀ ਦਿਲੋਂ ਸੇਵਾ ਕੀਤੀ ਜਾ ਰਹੀ ਹੈ।ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਓਟ ਸੈਂਟਰ ਨਸ਼ਿਆਂ ਨੂੰ ਠੱਲ ਪਾਣ ਲਈ ਵਰਦਾਨ ਸਾਬਤ ਹੋ ਰਹੇ ਹਨ।
694 ਮਰੀਜ਼ਾਂ ਦਾ ਹੋ ਚੁੱਕਾ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਜਨੇਰ ਵਿੱਚ ਇਲਾਜ
ਜ਼ਿਲ੍ਹਾ ਮੋਗਾ ਵਿੱਚ 1 ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਪਿੰਡ ਜਨੇਰ ਵਿੱਖੇ ਚੱਲ ਰਿਹਾ ਹੈ।ਇਸ ਸੈਂਟਰ ਦੀ ਸ਼ੂਰੁਆਤ ਨਵੰਬਰ 2014 ਵਿੱਚ ਕੀਤੀ ਗਈ ਸੀ।ਇਸ ਸੈਂਟਰ ਵਿੱਚ 2014 ਤੋਂ 31 ਮਈ, 2021 ਤੱਕ 694 ਮਰੀਜ਼ਾਂ ਨੂੰ ਭਰਤੀ ਕਰਕੇ ਇਲਾਜ ਕੀਤਾ ਗਿਆ।
ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਡਿਪਟੀ ਕਮਿਸ਼ਨਰ ਮੋਗਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਕੰਮ ਰਹੇ ਕਾਉਸਲਰ ਅਤੇ ਓਟ ਸਟਾਫ ਵੱਲੋ 64 ਦੇ ਕਰੀਬ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵੱਖ ਵੱਖ ਮਨੋਰੋਗਾਂ ਦੇ ਮਾਹਿਰਾਂ ਵੱਲੋਂ ਹੁਣ ਤੱਕ 30 ਸੈਮੀਨਾਰ, 2 ਵੈਬੀਨਾਰ, 8 ਲੈਕਚਰ ਅਤੇ 25 ਜਾਗਰੁਕ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਮੋਗਾ ਦੇ ਹੁਕਮਾਂ ਅਨੁਸਾਰ ਨਸ਼ਿਆਂ ਖਿਲਾਫ 3 ਰੈਲੀਆਂ ਕਰਵਾਈਆਂ ਗਈਆਂ।






