
ਖੰਨਾ, 22 ਦਸੰਬਰ (ਪਰਮਜੀਤ ਸਿੰਘ ਧੀਮਾਨ) -ਪਿਛਲੀਆਂ ਚੋਣਾਂ ’ਚ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹਿਣ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੇ ਪੌਣੇ ਪੰਜ ਸਾਲ ’ਚ ਡੱਕਾ ਨਹੀਂ ਤੋੜਿਆ, ਪਰ ਹੁਣ ਮੁੱਖ ਮੰਤਰੀ ਚੰਨੀ ਤੇ ਸਰਕਾਰ ਦੇ ਮੰਤਰੀ ਆਪੋ ਆਪਣੇ ਖੇਤਰਾਂ ਵਿਚ ਆਏ ਦਿਨ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਨਵਾਂ ਰਿਕਾਰਡ ਬਣਾ ਰਹੇ ਹਨ। ਇਹ ਗੱਲ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ਼ ਸੁਖਵੰਤ ਸਿੰਘ ਟਿੱਲੂ ਨੇ ਕਹੀ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੀ ਥਾਂ ਧੱਕੇ ਖਾਣ ਨੂੰ ਮਿਲ ਰਹੇ ਹਨ, ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਹੋਏ, ਅਧਿਆਪਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ, ਪੈਨਸ਼ਨਰ ਰੁਲ ਰਹੇ ਹਨ ਆਦਿ।
ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਕੌਰ ਪੰਧੇਰ ਨੇ ਪੌਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਨੇ ਹਲਕੇ ਦਾ ਵਿਕਾਸ ਸਿਰਫ਼ ਗੱਲਾਂ ਵਿਚ ਹੀ ਕੀਤਾ ਹੈ ਅਤੇ ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਲੁਭਾਉਣ ਲਈ ਨਵੇਂ ਨਵੇਂ ਨੀਂਹ ਪੱਥਰ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾ ਕੇ ਲੋਕਾਂ ਨੂੰ ਵਰਗਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪ੍ਰਤੂੰ ਹਕੀਕਤ ਲੋਕਾਂ ਨੂੰ ਸਾਫ਼ ਪਤਾ ਹੈ, ਜਿਸ ਕਾਰਨ ਹੁਣ ਲੋਕ ਕਾਂਗਰਸ ਸਰਕਾਰ ਦੀਆਂ ਗੱਲਾਂ ਵਿਚ ਨਹੀਂ ਆਉਣਗੇ।






