
ਖੰਨਾ, 9 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਹਲਕਾ ਖੰਨਾ ਵਿਚ ਉਦੋਂ ਸਭ ਤੋਂ ਵੱਡੀਆਂ ਸਰਗਰਮੀਆਂ ਦੇਖਣ ਨੂੰ ਮਿਲੀਆਂ, ਜਦੋਂ ਇਸ ਸ਼ਹਿਰ ਵਿਚ ਇਕ ਮੌਜੂਦਾ ਕੇਂਦਰੀ ਮੰਤਰੀ ਤੇ ਇਕ ਸਾਬਕਾ ਕੇਂਦਰੀ ਮੰਤਰੀ ਬੀਬੀਆਂ ਨੇ ਵੱਡੇ ਇੱਕਠਾਂ ਨੂੰ ਸੰਬੋਧਨ ਕੀਤਾ। ਭਾਜਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਦੇ ਹੱਕ ਵਿਚ ਕੇਂਦਰੀ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਨੇ ਅਤੇ ਅਕਾਲੀ ਦਲ-ਬਸਪਾ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਾਈਨੋਂਪਾਰ ਇਲਾਕੇ ਵਿਚ ਵੱਡੇ ਇੱਕਠ ਨੂੰ ਸੰਬੋਧਨ ਕੀਤਾ। ਇਸੇ ਤਰ੍ਹਾਂ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਤੇ ਆਪ ਦੇ ਤਰੁਨਪ੍ਰੀਤ ਸਿੰਘ ਸੌਂਦ, ਆਰ. ਐਸ. ਪੀ. ਦੇ ਕਾ. ਕਰਨੈਲ ਸਿੰਘ ਇਕੋਲਾਹਾ ਤੇ ਸੰਯੁਕਤ ਸਮਾਜ ਮੋਰਚੇ ਦੇ ਸੁਖਵੰਤ ਸਿੰਘ ਟਿੱਲੂ ਵੀ ਅੱਜ ਖੰਨਾ ਸ਼ਹਿਰ ਵਿਚ ਵੱਡੀ ਪੱਧਰ ’ਤੇ ਆਪਣੇ ਸੈਂਕੜੇ ਸਾਥੀਆਂ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆਏ।
ਇਸ ਮੌਕੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਇਰਾਨੀ ਨੇ ਕਿਹਾ ਕਿ ਭਾਜਪਾ ਰਾਸ਼ਟਰ ਦੇ ਹਿੱਤ ਵਿਚ ਕੰਮ ਕਰਦੀ ਹੈ, ਸਿੱਖ ਪ੍ਰੰਪਰਾ ਤੇ ਪੰਜਾਬੀਅਤ ਲਈ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖ ਕਤਲੇਆਮ ਕਰਵਾਏ, ਪ੍ਰਤੂੰ ਦੋਸ਼ੀਆਂ ਨੂੰ ਸਜ਼ਾ ਅਸੀਂ ਦਿਵਾਈ, ਕਰਤਾਰਪੁਰ ਕੋਰੀਡੋਰ ਖੋਲਿ੍ਹਆ। ਵਿਧਾਨ ਸਭਾ ਚੋਣਾਂ ਸਿਰਫ਼ ਮੁੱਖ ਮੰਤਰੀ ਬਨਾਉਣ ਲਈ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਵਿਕਾਸ ਦੀ ਚੋਣ ਹੈ। ਖੰਨਾ ਸ਼ਹਿਰ ਵਿਚ ਸੀਵਰੇਜ ਤੇ ਵਾਟਰ ਸਪਲਾਈ ਸਮੱਸਿਆ ਦੇ ਹੱਲ ਲਈ ਭਾਜਪਾ ਸਰਕਾਰ ਵੱਲੋਂ ਹੀ ਅਮਰੂਤ ਯੋਜਨਾ ਤਹਿਤ 170 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਅਤੇ ਕੌਂਸਲ ਤੇ ਕਾਬਜ਼ ਕਾਂਗਰਸ ਦੇ ਆਗੂਆਂ ਨੇ ਵਿਕਾਸ ਲਈ ਪੈਸਾ ਲਾਉਣ ਦੀ ਥਾਂ ਆਪਣੇ ਚਹੇਤਿਆਂ ਦਾ ਵਿਕਾਸ ਕਰਵਾਇਆ। ਕੇਂਦਰ ਸਕਰਾਰ ਕਿਸਾਨਾਂ ਦੀ ਖੇਤੀ ਤੇ ਖਰਚਾ ਘੱਟ ਤੇ ਕਮਾਈ ਜ਼ਿਆਦਾ ਲਈ ਕੰਮ ਕਰ ਰਹੀ ਹੈ, ਪਹਿਲੀ ਵਾਰ ਐਮਐਸਪੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ ਵਿਚ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਅਸਥਿਰ ਕਰਨ ਵਾਲਿਆਂ ਤੋਂ ਸਾਵਧਾਨ ਰਹਿੰਦੇ ਹੋਏ ਭਾਜਪਾ ਨੂੰ ਮਜ਼ਬੂਤ ਸਰਕਾਰ ਬਨਾਉਣ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਭੱਟੀ ਦੇ ਚੋਣ ਜਿੱਤਣ ਦੇ 24 ਘੰਟਿਆਂ ਅੰਦਰ ਨੈਸ਼ਨਲ ਹਾਈਵੇ ਪੁੱਲ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਨੇ ਹੁਣ ਤੱਕ ਵਿਕਾਸ ਦੀ ਥਾਂ ਸ਼ਹਿਰ ਦਾ ਵਿਨਾਸ਼ ਕਰਕੇ ਆਪਣੇ ਚਹੇਤਿਆਂ ਨੂੰ ਮਾਲੋ ਮਾਲ ਕੀਤਾ ਹੈ। ਇਸ ਮੌਕੇ ਭਾਜਪਾ ਆਗੂ ਇਕਬਾਲ ਸਿੰਘ ਚੰਨੀ, ਬਲਜਿੰਦਰ ਸਿੰਗਲਾ, ਗੁਰਪ੍ਰੀਤ ਸਿੰਘ ਮਾਂਗਟ, ਰਾਣੀ ਰਮਣੀਕ ਕੌਰ, ਚੇਅਰਮੈਨ ਰਾਜੇਸ਼ ਡਾਲੀ, ਰਮਰੀਸ਼ ਵਿਜ, ਭਾਜਪਾ ਪ੍ਰਧਾਨ ਰਜਨੀਸ਼ ਬੇਦੀ, ਸੰਜੀਵ ਧਮੀਜਾ, ਰਣਜੀਤ ਸਿੰਘ ਹੀਰਾ, ਸ਼ਿਵਨਾਥ ਕਾਲਾ, ਬਾਜੀਗਰ ਆਗੂ ਚਰਨ ਦਾਸ, ਅਸ਼ੋਕ ਵਿਜ, ਜਤਿੰਦਰ ਵਿਜ, ਨਵੀਨ ਅਗਰਵਾਲ, ਮਹਿੰਦਰ ਵਰਮਾ, ਧਨਰਾਜ ਚੀਮਾ, ਸੰਜੈ ਗੋਇਲ, ਅਮਨਦੀਪ ਸਿੰਘ ਢੀਂਡਸਾ, ਅਜੈ ਸੂਦ, ਜਤਿੰਦਰ ਦੇਵਗਨ ਆਦਿ ਨੇ ਵੀ ਸੰਬੋਧਨ ਕੀਤਾ






