ਕਾਮਰੇਡ ਹਾਕਮ ਸਿੰਘ ਸਮਾਓ ਨੇ ਉਨੀ ਸੌ ਤਰੇਂਹਠ ਚੌਂਹਠ ਵਿੱਚ ਐਮ ਏ ਤੱਕ ਦੀ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਕਮਿਊਨਿਸਟ ਲਹਿਰ ਵਿਚ ਕੰਮ ਕਰਨ ਨੂੰ ਤਰਜੀਹ ਦਿੱਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੀਪੀਆਈ (ਐਮਐਲ) ਲਿਬਰੇਸ਼ਨ ਦੀ ਪੰਜਾਬ ਸਟੇਟ ਕਮੇਟੀ ਨੇ ਪਾਰਟੀ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਵਿੱਚ ਪਾਰਟੀ ਦੇ ਮੋਢੀ ਆਗੂ ਕਾਮਰੇਡ ਹਾਕਮ ਸਿੰਘ ਸਮਾਓਂ ਦੀ 22 ਵੀਂ ਬਰਸੀ ਮੌਕੇ ਸਾਰੇ ਪਾਰਟੀ ਦਫ਼ਤਰਾਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕੇ ਕਾਮਰੇਡ ਹਾਕਮ ਸਿੰਘ ਸਮਾਓ ਨੇ ਉਨੀ ਸੌ ਤਰੇਂਹਠ ਚੌਂਹਠ ਵਿੱਚ ਐਮ ਏ ਤੱਕ ਦੀ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਨਿੱਜੀ ਕੈਰੀਅਰ ਵਿਚ ਪੈਣ ਦੀ ਦੀ ਬਜਾਏ ਇਕ ਕੁੱਲ ਵਕਤੀ ਕਾਮੇ ਵਜੋਂ ਕਮਿਊਨਿਸਟ ਲਹਿਰ ਵਿਚ ਕੰਮ ਕਰਨ ਨੂੰ ਤਰਜੀਹ ਦਿੱਤੀ । ਉਨ੍ਹਾਂ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਉਪ ਸੰਪਾਦਕ ਵਜੋਂ ਕੰਮ ਕੀਤਾ ਅਤੇ ਪਾਰਟੀ ਵਿਚ ਦੁਫਾੜ ਪੈਣ ਤੋਂ ਬਾਅਦ ਉਨ੍ਹਾਂ ਬਠਿੰਡਾ ਜ਼ਿਲ੍ਹੇ ਵਿੱਚ ਪਾਰਟੀ ਆਗੂ ਅਤੇ ਕਿਸਾਨ ਜਥੇਬੰਦੀ ਦੇ ਆਗੂ ਵਜੋਂ ਕੰਮ ਕੀਤਾ। ਉਨੀ ਸੌ ਸਤਾਹਠ ਵਿੱਚ ਪੱਛਮੀ ਬੰਗਾਲ ‘ਚ ਨਕਸਲਬਾੜੀ ਤੋਂ ਹਥਿਆਰਬੰਦ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਇਸ ਇਨਕਲਾਬੀ ਅੰਦੋਲਨ ਦੇ ਪੱਖ ਵਿਚ ਡਟਵਾਂ ਸਟੈਂਡ ਲਿਆ। ਉਹ ਪੰਜਾਬ ਦੇ ਉਨ੍ਹਾਂ ਚੰਦ ਕਮਿਊਨਿਸਟ ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਪੰਜਾਬ ਵਿਚ ਨਕਸਲਬਾੜੀ ਦੀ ਤਰਜ ਤੇ ਇਨਕਲਾਬੀ ਕਿਸਾਨ ਅੰਦੋਲਨ ਖੜ੍ਹਾ ਕਰਨ ਲਈ ਜੀਅ ਜਾਨ ਨਾਲ ਮਿਹਨਤ ਕੀਤੀ ਤੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਉਸ ਵਿੱਚ ਕੁੱਦੇ । ਕਾਮਰੇਡ ਹਾਕਮ ਸਿੰਘ ਸਮਾਓ ਪੰਜਾਬ ਵਿੱਚ ਸੀਪੀਆਈ (ਐਮਐਲ) ਦੀ ਨੀਂਹ ਰੱਖਣ ਵਾਲੇ ਮੋਢੀ ਆਗੂਆਂ ਵਿਚੋਂ ਇਕ ਸਨ । ਇਨਕਲਾਬੀ ਐਕਸ਼ਨਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਉਨ੍ਹਾਂ ਨੂੰ ਵਹਿਸ਼ੀ ਪੁਲਿਸ ਦਮਨ ਦਾ ਸ਼ਿਕਾਰ ਹੋਣਾ ਪਿਆ ਅਤੇ ਕਰੀਬ ਅੱਠ ਸਾਲ ਕੈਦ ਦੀ ਸਜ਼ਾ ਭੁਗਤਣੀ ਪਈ । ਮਾਰਚ 1977 ਵਿੱਚ ਤਾਨਾਸ਼ਾਹ ਇੰਦਰਾ ਸਰਕਾਰ ਦੇ ਦੀ ਹਾਰ ਤੋਂ ਬਾਅਦ ਜਦ ਉਹ ਹੋਰ ਅਨੇਕਾਂ ਸਿਆਸੀ ਕੈਦੀਆਂ ਤੋਂ ਬਾਅਦ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਏ, ਤਾਂ ਘਰ ਬੈਠਣ ਦੀ ਥਾਂ ਉਹ ਮੁੜ ਇਨਕਲਾਬੀ ਸਰਗਰਮੀਆਂ ਵਿਚ ਕੁੱਦ ਪਏ।ਨਵੰਬਰ ਵਿੱਚ ਕਲਕੱਤਾ ਵਿਖੇ ਇੰਡੀਅਨ ਪੀਪਲਜ਼ ਫਰੰਟ ਦੀ ਦੂਜੀ ਨੈਸ਼ਨਲ ਕਾਨਫਰੰਸ ਚ ਆਪਣੇ ਪੰਜਾਬ ਦੇ ਡੈਲੀਗੇਟ ਸਾਥੀਆਂ ਸਮੇਤ ਸ਼ਾਮਲ ਹੋਣ ਤੋਂ ਬਾਅਦ ਵਾਪਸ ਪੰਜਾਬ ਆ ਕੇ ਉਹ ਸੂਬੇ ਵਿੱਚ ਇੰਡੀਅਨ ਪੀਪਲਜ਼ ਫਰੰਟ ਨੂੰ ਜਥੇਬੰਦ ਕਰਨ ਲਈ ਸਖ਼ਤ ਮਿਹਨਤ ਕੀਤੀ। ਧਾਰਮਕ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਅਤੇ ਜਮਹੂਰੀਅਤ ਦਾ ਜ਼ਮੀਨੀ ਪੱਧਰ ਤੱਕ ਪਸਾਰ ਕਰਨ ਵਰਗੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਉਨ੍ਹਾਂ ਦਾ ਅਤੇ ਇੰਡੀਅਨ ਪੀਪਲਜ਼ ਫਰੰਟ ਦਾ ਨਜ਼ਰੀਆ ਰਵਾਇਤੀ ਖੱਬੇ ਪੱਖੀਆਂ ਨਾਲੋਂ ਬੁਨਿਆਦੀ ਤੌਰ ਵੱਖਰਾ ਸੀ । ਇਸੇ ਕਾਰਨ ਖਾੜਕੂ ਲਹਿਰ ਦੌਰਾਨ ਆਮ ਨਿਰਦੋਸ਼ ਲੋਕਾਂ ਉੱਤੇ ਹੋਣ ਵਾਲ ਅੰਨ੍ਹੇ ਪੁਲੀਸ ਦਮਨ ਦਾ ਵਿਰੋਧ ਕਰਨ ਬਦਲੇ ਉਨ੍ਹਾਂ ਨੂੰ ਵੱਡੀ ਉਮਰ ਦੇ ਬਾਵਜੂਦ ਉਨੀ ਸੌ ਨੱਬੇ ਵਿੱਚ ਮੁੜ ਝੂਠੇ ਕੇਸਾਂ ਅਤੇ ਪੁਲੀਸ ਦਮਨ ਦਾ ਸ਼ਿਕਾਰ ਹੋਣਾ ਪਿਆ । 1992 ਵਿਚ ਜਦ ਸੀਪੀਆਈ ਐਮਐਲ ਨੇ 22 ਸਾਲ ਗੁਪਤਵਾਸ ਰਹਿਣ ਤੋਂ ਬਾਅਦ ਮੁੜ ਖੁੱਲ੍ਹੀਆਂ ਸਿਆਸੀ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਤਾਂ ਉਹ ਪੰਜਾਬ ਵਿਚ ਸੀਪੀਆਈ (ਐਮਐਲ) ਦੇ ਮੋਹਰੀ ਆਗੂ ਵਜੋਂ ਸਾਹਮਣੇ ਆਏ । 4 ਜੂਨ 1999 ਨੂੰ ਅਠਵੰਜਾ ਸਾਲ ਦੀ ਉਮਰ ਵਿਚ ਹਾਰਟ ਅਟੈਕ ਕਾਰਨ ਅਚਾਨਕ ਵਿਛੜ ਜਾਣ ਤਕ ਉਨ੍ਹਾਂ ਸਿਧਾਂਤਕ ਅਤੇ ਅਮਲੀ ਪੱਖ ਤੋਂ ਪਾਰਟੀ ਦੀ ਸੁਯੋਗ ਅਗਵਾਈ ਕੀਤੀ
ਇਸ ਲਈ ਕੱਲ੍ਹ ਉਨ੍ਹਾਂ ਦੀ 22 ਵੀਂ ਬਰਸੀ ਮੌਕੇ ਪਾਰਟੀ ਦੇ ਸਮੂਹ ਮੈਂਬਰ ਅਤੇ ਸਮਰਥਕ ਉਨ੍ਹਾਂ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕਰਨਗੇ






