ਪੁਲਿਸ ਨੇ ਇਸ ਹੱਤਿਆ ਪਿੱਛੇ ਅੱਤਵਾਦੀ ਕੁਨੈਕਸ਼ਨ ਹੋਣ ਤੋਂ ਵੀ ਇਨਕਾਰ ਕੀਤਾ

ਤਰਨਤਾਰਨ, (ਜਸਵੀਰ ਸਿੰਘ) : ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਗੈਂਗਸਟਰਾਂ ਨੇ ਹੀ ਕਰਵਾਈ ਸੀ ਅਤੇ ਹੱਤਿਆਰੇ ਸ਼ੂਟਰ ਪੈਸੇ ਲੈ ਕੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਸਨ। ਹੱਤਿਆ ਦੀ ਇਸ ਸਾਜ਼ਿਸ਼ ‘ਚ ਸ਼ਾਮਲ 11 ਲੋਕਾਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ। ਇਹ ਦਾਅਵਾ ਪੁਲਿਸ ਨੇ ਪ੍ਰਰੈੱਸ ਕਾਨਫਰੰਸ ਦੌਰਾਨ ਕੀਤਾ ਹੈ ਹਾਲਾਂਕਿ ਹੱਤਿਆ ਕਰਵਾਉਣ ਅਤੇ ਕਰਨ ਵਾਲੇ ਹਾਲੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ। ਇਸ ਹੱਤਿਆ ਪਿੱਛੇ ਕਾਰਨ ਕੀ ਸੀ, ਇਹ ਵੀ ਪੁਲਿਸ ਨਹੀਂ ਦੱਸ ਸਕੀ। ਪੁਲਿਸ ਨੇ ਇਸ ਹੱਤਿਆ ਪਿੱਛੇ ਅੱਤਵਾਦੀ ਕੁਨੈਕਸ਼ਨ ਹੋਣ ਤੋਂ ਵੀ ਇਨਕਾਰ ਕੀਤਾ ਹੈ। ਡੀਆਈਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ 16 ਅਕਤੂਬਰ ਦੀ ਸਵੇਰ ਕਰੀਬ ਸੱਤ ਵਜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਕਾਮਰੇਡ ਬਲਵਿੰਦਰ ਸਿੰਘ ਦਾ ਘਰ ਵਿਚ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਰਾਹੀਂ ਸਾਹਮਣੇ ਆਇਆ ਸੀ ਕਿ ਹੱਤਿਆਰੇ ਨਕਾਬਪੋਸ਼ ਲੁਧਿਆਣੇ ਦੇ ਸਲੇਮਟਾਬਰੀ ਇਲਾਕੇ ਵਿਚ ਲੁਕੇ ਹਨ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਹੀ ਪੁਲਿਸ ਉਥੋਂ ਤਕ ਪਹੁੰਚ ਗਈ ਸੀ ਪਰ ਉਹ ਹੱਥ ਨਾ ਆਏ ਪਰ ਉਨ੍ਹਾਂ ਦੀ ਪਛਾਣ ਕਰ ਲਈ ਗਈ। ਕੜੀਆਂ ਜੋੜੀਆਂ ਤਾਂ ਸਾਹਮਣੇ ਆਇਆ ਕਿ ਹੱਤਿਆ ਸੁੱਖ ਭਿਖਾਰੀਵਾਲ ਉਰਫ਼ ਸੁਖਮੀਤਪਾਲ ਸਿੰਘ ਦੇ ਕਹਿਣ ‘ਤੇ ਪੇਸ਼ੇਵਰ ਅਪਰਾਧੀ ਸੁਖਰਾਜ ਸਿੰਘ ਸੁੱਖਾ ਵਾਸੀ ਪਿੰਡ ਲਖਨਪਾਲ (ਗੁਰਦਾਸਪੁਰ) ਅਤੇ ਰਵਿੰਦਰ ਗਿਆਨਾ ਵਾਸੀ ਖਰਲ (ਗੁਰਦਾਸਪੁਰ) ਨੇ ਸੁਖਦੀਪ ਸਿੰਘ ਬੂਰਾ ਵਾਸੀ ਖਰਲ ਅਤੇ ਗੁਰਜੀਤ ਸਿੰਘ ਉਰਫ ਭਾਅ ਵਾਸੀ ਲਖਨਪਾਲ ਨਾਂ ਦੇ ਦੋ ਸ਼ੂਟਰਾਂ ਵੱਲੋਂ ਕੀਤੀ ਗਈ ਸੀ। ਇਹ ਦੋਵੇਂ ਕੁਝ ਸਮਾਂ ਪਹਿਲਾਂ ਗਿਆਨੇ ਅਤੇ ਸੁੱਖੇ ਨਾਲ ਜੇਲ੍ਹ ਵਿਚ ਰਹੇ ਸਨ। ਜ਼ਮਾਨਤ ‘ਤੇ ਆਏ ਬੂਰਾ ਅਤੇ ਭਾਅ ਖ਼ਿਲਾਫ਼ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਹੋਇਆ ਅਤੇ ਇਹ ਲੋਕ ਇਲਾਕਾ ਛੱਡ ਗਏ। ਸੁੱਖ ਭਿਖਾਰੀਵਾਲ ਨੇ ਦੋਵਾਂ ਦੇ ਰਹਿਣ ਦਾ ਪ੍ਰਬੰਧ ਕਰਨ ਅਤੇ ਪੈਸੇ ਦੇਣ ਦਾ ਵਾਅਦਾ ਕਰ ਕੇ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚ ਦਿੱਤੀ ਸੀ।






