
ਮਾਨਸਾ, 16 ਜਨਵਰੀ :-ਗੁਰਜੰਟ ਸਿੰਘ ਬਾਜੇਵਾਲੀਆ) ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਧ ਤੋਂ ਵੱਧ ਟੈਸਟ ਅਤੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਆਦੇਸ ਜਾਰੀ ਕੀਤੇ ਹਨ, ਤਾਂ ਜੋ ਕਰੋਨਾ ਮਹਾਂਮਾਰੀ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ ਖਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਦਾ ਪੂਰਾ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਖਾਤਮੇ ਲਈ ਹਰੇਕ ਯੋਗ ਵਿਅਕਤੀ ਨੂੰ ਵੈਕਸੀਨੇਸ਼ਨ ਲਾਜ਼ਮੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਲਗਾ ਕੇ ਰੱਖਣਾ, ਆਪਣੇ ਹੱਥਾਂ ਨੂੰ ਸਾਬਨ-ਪਾਣੀ ਜਾਂ ਸੈਨੇਟਾਈਜ਼ਰ ਨਾਲ ਸਾਫ਼ ਰੱਖਣਾ ਅਤੇ ਦੂਸਰੇ ਲੋਕਾਂ ਤੋਂ ਨਿਰਧਾਰਿਤ ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹਾ ਵਾਸੀਆਂ ਨੂੰ ਦੋਵੇਂ ਖੁਰਾਕਾਂ ਮਿਲਾ ਕੇ 6 ਲੱਖ 63 ਹਜ਼ਾਰ 865 ਵੈਕਸੀਨੇਸ਼ਨ ਦੀਆਂ ਡੋਜ਼ ਲਗਾਈਆ ਗਈਆ ਹਨ। ਉਨ੍ਹਾਂ ਦੱਸਿਆ ਕਿ 15 ਤੋਂ 17 ਸਾਲ ਉਮਰ ਵਰਗ ਦੇ 2201 ਨੌਜਵਾਨਾਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਟੀਕਾਕਰਨ ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 18 ਤੋਂ 44 ਸਾਲ ਤੱਕ ਦੇ 238846 ਵਿਅਕਤੀਆਂ ਨੂੰ ਪਹਿਲੀ ਅਤੇ 129839 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਾਈ ਜਾ ਚੁੱਕੀੇ ਹੈ।
ਉਨ੍ਹਾਂ ਦੱਸਿਆ ਇਸੇ ਤਰ੍ਹਾਂ 45 ਸਾਲ ਤੋਂ ਵੱਧ ਉਮਰ ਦੇ 175568 ਵਿਅਕਤੀਆਂ ਨੂੰ ਪਹਿਲੀ ਅਤੇ 107554 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ 187 ਵਿਅਕਤੀਆਂ ਨੂੰ ਤੀਜ਼ੀ ਡੋਜ਼ ਵੀ ਪਿਛਲੇ ਦਿਨੀਂ ਦਿੱਤੀ ਜਾ ਚੁੱਕੀ ਹੈ। ਉਨ੍ਹਾ ਦੱਸਿਆ ਕਿ 2911 ਹੈਲਥ ਕੇਅਰ ਵਰਕਰਾਂ ਦੇ ਪਹਿਲੀ ਡੋਜ਼ ਅਤੇ 1033 ਵਰਕਰਾਂ ਦੇ ਦੂਜੀ ਡੋਜ਼ ਅਤੇ 23039 ਫਰੰਟ ਲਾਈਨ ਵਰਕਰਾਂ ਦੇ ਪਹਿਲੀ ਅਤੇ 2687 ਵਰਕਰਾਂ ਦੇ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ।






