
ਕਪੂਰਥਲਾ,5 ਜਨਵਰੀ(ਨਿਰਮਲ ਸਿੰਘ) ਪੰਜਾਬ ਦੇ ਰਿਆਸਤੀ ਸ਼ਹਿਰ ਕਪੂਰਥਲਾ ਵਿਖੇ ਬਿਜਲੀ ਸਪਲਾਈ ਵਿਚ ਸੁਧਾਰ ਤਹਿਤ ਕਪੂਰਥਲਾ ਸ਼ਹਿਰ ਅਤੇ ਨੇੜਲੇ ਪਿੰਡਾਂ ਲਈ ਨਵਾਂ 66 ਕੇ.ਵੀ ਸਬ ਸਟੇਸ਼ਨ ਸਥਾਪਿਤ ਕਰਨ ਲਈ ਭਗਤਾਂਵਾਲਾ ਵਿਖੇ ਸ਼ੁਰੂਆਤ ਹੋ ਗਈ ਹੈ।
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਇਸ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ,ਜਿਸ ਉੱਪਰ 4 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਦੇ ਨਾਲ ਹੀ ਪਹਿਲਾਂ ਤੋਂਂ ਜ਼ਿਆਦਾ ਲੋਡ ਨਾਲ ਚੱਲ ਰਹੇ ਤਿੰਨ ਨੰਬਰ 11 ਕੇ.ਵੀ ਫੀਡਰ ਲਗਭਗ 75 ਲੱਖ ਦੀ ਲਾਗਤ ਨਾਲ ਨਵੇਂ ਫੀਡਰ ਉਸਾਰ ਕੇ ਡੀ-ਲੋਡ ਕਰਨ ਦੀ ਮੰਜ਼ੂਰੀ ਵੀ ਮਿਲ ਗਈ ਹੈ ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਪੂਰਥਲਾ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ,ਜਿਸ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ.ਵਲੋਂ ਬਿਜਲੀ ਸੁਧਾਰ ਦੇ ਪ੍ਰਾਜੈਕਟ ਆਰੰਭੇ ਗਏ।
ਉਨ੍ਹਾਂ ਕਿਹਾ ਕਿ ਨਵੇਂ ਸਬ ਸਟੇਸ਼ਨ ਦੀ ਉਸਾਰੀ ਨਾਲ ਨਾ ਸਿਰਫ਼ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਸਗੋਂਂਪਾਣੀ ਦੀ ਸਪਲਾਈ ਵਿਚ ਵੀ ਸੁਧਾਰ ਹੋਵੇਗਾ, ਜਿਸ ਨਾਲ ਲੋਕਾਂ ਨੂੰ ਅਗਾਮੀ ਗਰਮੀ ਦੇ ਸੀਜ਼ਨ ਦੌਰਾਨ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ 75 ਸਾਲਾਂ ਦੌਰਾਨ ਕਪੂਰਥਲਾ ਸ਼ਹਿਰ ਨੂੰ ਕੇਵਲ ਇਕ ਬਿਜਲੀ ਘਰ, 132 ਕੇ. ਵੀ. ਕਪੂਰਥਲਾ ਰਾਹੀਂ ਬਿਜਲੀ ਦੀ ਪੂਰਤੀ ਕੀਤੀ ਜਾ ਰਹੀ ਸੀ ਜੋ ਕਿ ਓਵਰਲੋਡ ਹੋਣ ਕਾਰਨ ਗਰਮੀਆਂ ਦੇ ਸਮੇਂ ਬਿਜਲੀ ਦੀ ਪੂਰਤੀ ਦੀ ਮੁਸ਼ਕਿਲ ਹੋ ਰਹੀ ਸੀ, ਜਿਸਨੂੰ ਨਵੇਂ ਸਬ ਸਟੇਸ਼ਨ ਦੀ ਸਥਾਪਨਾ ਨਾਲ ਹੱਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਸ੍ਰੀ ਇੰਦਰਪਾਲ ਸਿੰਘ ਉਪ ਮੁੱਖ ਇੰਜੀ. ਵੰਡ ਕਪੂਰਥਲਾ ਨੇ ਦੱਸਿਆ ਕਿ ਪਾਵਰਕਾਮ ਦੇ ਸੀ.ਐਮ.ਡੀ ਬਲਦੇਵ ਸਿੰਘ ਸਰਾਂ ਦੀ ਅਗਵਾਈ ਹੇਠ ਬਿਜਲੀ ਘਰ ਭਗਤਪੁਰਾ ਵਿਖੇ ਨਵਾਂ 66 ਕੇ.ਵੀ ਬਿਜਲੀ ਘਰ ਸਥਾਪਿਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਬਿਜਲੀ ਘਰ ਲਈ ਜ਼ਮੀਨ ਪਿੰਡ ਦੀ ਪੰਚਾਇਤ ਵੱਲੋਂ ਮੁਫਤ ਦਿੱਤੀ ਗਈ ਹੈ। ਇਸ ਤੋਂਂ ਇਲਾਵਾ ਪੁਰਾਣੇ 132 ਕੇ ਵੀ ਬਿਜਲੀ ਘਰ ਵਿੱਚ ਇਕ ਨਵਾਂ 132 ਕੇ ਵੀ/11 ਕੇ ਵੀ, 20 ਐਮ. ਵੀ. ਏੇ. ਟਰਾਂਸਫਾਰਮਰ ਦੀ ਉਸਾਰੀ ਵੀ ਚੱਲ ਰਹੀ ਹੈ, ਜਿਸ ਨਾਲ ਤੁਰੰਤ ਪ੍ਰਭਾਵ ਨਾਲ ਓਵਰ ਲੋਡਿੰਗ ਸਮਸਿਆ ਹੱਲ ਹੋਵੇਗੀ ।
ਇਸ ਮੌਕੇ ਐਕਸੀਅਨ ਸ ਦਰਸ਼ਨ ਸਿੰਘ, ਐਸ ਡੀ ਓ ਗੁਰਨਾਮ ਸਿੰਘ ਬਾਜਵਾ ਤੇ ਹੋਰ ਅਧਿਕਾਰੀ ਹਾਜਰ ਸਨ ।




