ਸੈਕਰਾਮੈਂਟੋ 31 ਦਸੰਬਰ (ਹੁਸਨ ਲੜੋਆ ਬੰਗਾ)- ਬੋਲਡਰ (ਕੋਲੋਰਾਡੋ) ਨੇੜੇ ਜੰਗਲ ਵਿਚ ਲੱਗੀ ਅੱਗ ਤੇ ਤੇਜ਼ ਹਵਾਵਾਂ ਚੱਲਣ ਕਾਰਨ ਹਜਾਰਾਂ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ ਜਦ ਕਿ ਪ੍ਰਸ਼ਾਸਨ ਨੇ ਹਜਾਰਾਂ ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਹੈ। ‘ਨੈਸ਼ਨਲ ਵੈਦਰ ਸਰਵਿਸ’ ਨੇ ਸਥਿੱਤੀ ਨੂੰ ਜਾਨ ਲੇਵਾ ਦੱਸਿਆ ਹੈ ਤੇ ਕਿਹਾ ਹੈ ਕਿ ਅੱਗ ਲੱਗਣ ਦਰਮਿਆਨ ਹੀ 110 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਹਾਲਾਤ ਨੂੰ ਹੋਰ ਖਰਾਬ ਕਰ ਰਹੀਆਂ ਹਨ। ਸਮੁੱਚੇ ਕਸਬੇ ਬੋਲਡਰ ਵਿਚ ਰਹਿੰਦੇ ਤਕਰੀਬਨ 13000 ਵਾਸੀਆਂ ਨੂੰ ਤੁਰੰਤ ਖੇਤਰ ਛੱਡ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਅੱਗ ਤੇਜੀ ਨਾਲ ਫੈਲ ਰਹੀ ਹੈ। ‘ਬੋਲਡਰ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ’ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਲੋਇਸਵਿਲੇ ਕਸਬੇ ਦੇ ਤਕਰੀਬਨ 20000 ਵਾਸੀਆਂ ਨੂੰ ਵੀ ਫੌਰੀ ਸੁਰੱਖਿਅਤ ਥਾਵਾਂ ‘ਤੇ ਭੇਜਣ ਲਈ ਕਿਹਾ ਗਿਆ ਹੈ। ਕੋਲੋਰਾਡੋ ਦੇ ਗਵਰਨਰ ਜਰਡ ਪੋਲਿਸ ਨੇ ਅੱਗ ਤੇ ਭਾਰੀ ਤੂਫਾਨ ਵਾਲੇ ਖੇਤਰਾਂ ਵਿਚੋਂ ਬਚਾਏ ਗਏ ਲੋਕਾਂ ਲਈ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲੀ ਹੈ ਤੇ ਇਸ ਖੇਤਰ ਵਿਚ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬੋਲਡਰ ਪੁਲਿਸ ਵਿਭਾਗ ਨੇ ਡਰਾਈਵਰਾਂ ਨੂੰ ਕਿਹਾ ਹੈ ਕਿ ਉਹ ਧੂੰਏਂ ਤੇ ਤੇਜ਼ ਹਵਾਵਾਂ ਕਾਰਨ ਆਪਣੇ ਵਾਹਣਾਂ ਨੂੰ ਸੜਕਾਂ ਉਪਰ ਨਾ ਲਿਆਉਣ ਕਿਉਂਕਿ ਅਜਿਹੇ ਹਾਲਾਤ ਵਿਚ ਵਾਹਣ ਚਲਾਉਣਾ ਜਾਨ ਨੂੰ ਜੋਖਮ ਵਿਚ ਪਾਉਣ ਵਾਲੀ ਗੱਲ ਹੋਵੇਗੀ।







