ਪੰਪ ਤੇ ਕੰਮ ਕਰਦੇ ਕਰਿੰਦੇ ਦੀ ਹੋਈ ਮੌਤ : ਦੋ ਆਲਟੋ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਮਾਨਸਾ ਵਿਖੇ ਲਗਭਗ ਸ਼ਾਮ ਸਾਢੇ ਛੇ ਵਜੇ ਜਗਦੀਸ਼ ਆਇਲ ਕੰਪਨੀ ਨੇੜੇ ਬੱਸ ਵਿਖੇ ਬਹੁਤ ਵੱਡਾ ਸੀਐੱਨਜੀ ਧਮਾਕਾ ਹੋਇਆ । ਜਦੋਂ ਪੰਪ ਤੇ ਕੰਮ ਕਰਦਾ ਕਰਿੰਦਾ ਗੱਡੀ ਨੰਬਰ ਐਚ ਆਰ 59 8782 ਵਿੱਚ ਸੀਐੱਨਜੀ ਭਰ ਰਿਹਾ ਸੀ ਤਾਂ ਇਕਦਮ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਪੰਪ ਤੇ ਕੰਮ ਕਰਦੇ ਕਰਿੰਦੇ ਦੀ ਬਹੁਤ ਬੁਰੀ ਹਾਲਤ ਹੋ ਗਈ । ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗੱਡੀ ਵਿਚ ਜੋ ਕਿੱਟ ਫਿੱਟ ਕੀਤੀ ਹੋਈ ਸੀ ਉਹ ਇੱਕ ਗ਼ੈਰ ਮਨਜ਼ੂਰ ਸੌਦਾ ਕਿੱਟ ਸੀ ਜਿਸ ਨਾਲ ਕਾਰ ਦੇ ਮਾਲਕ ਤੋਂ ਇਲਾਵਾ ਤਿੰਨ ਬੰਦੇ ਹੋਰ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਜਾਇਆ ਗਿਆ । ਸਿਵਲ ਹਸਪਤਾਲ ਮਾਨਸਾ ਦੇ ਐਸ ਐਮ ਓ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਪ ਤੇ ਕੰਮ ਕਰਦੇ ਕਰਿੰਦੇ ਦੀ ਮੌਤ ਹੋ ਗਈ ਹੈ ।ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਚੀਥੜੇ ਉੱਡ ਗਏ ਦੂਸਰੇ ਪਾਸੇ ਜੋ ਕਾਰ ਉਸ ਦੇ ਪਿੱਛੇ ਖੜ੍ਹੀ ਸੀ ਉਸ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ।






