ਕਾਬੁਲ/ਬੀਜਿੰਗ ( 5 Sept ): ਅਫਗਾਨਿਸਤਾਨ ‘ਤੇ ਕੱਟੜਪੰਥੀ ਬੰਦੂਕਧਾਰੀਆਂ ਦੇ ਕਬਜ਼ਾ ਕਰਨ ਦੇ ਤੁਰੰਤ ਬਾਅਦ ਪਾਕਿਸਤਾਨ ਅਤੇ ਉਸਦੇ ਸਦਾਬਹਾਰ ਮਿੱਤਰ ਚੀਨ ਨੇ ਤਾਲਿਬਾਨ ਦੇ ਨਾਲ ਯਾਰਾਨਾ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਤਾਲਿਬਾਨ ਦੇ ਬੁਲਾਰੇ ਨੇ ਦੋ ਵੱਡੇ ਵਾਅਦਿਆਂ ਦਾ ਖੁਲਾਸਾ ਕੀਤਾ ਹੈ। ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ ਅਫਗਾਨਿਸਤਾਨ ਵਿੱਚ ਆਪਣਾ ਦੂਤਘਰ ਖੁੱਲ੍ਹਾ ਰੱਖਣ ਅਤੇ ਮਦਦ ਕਰਨ ਲਈ ਖਜ਼ਾਨਾ ਖੋਲ੍ਹਣ ਦਾ ਵਾਅਦਾ ਕੀਤਾ ਹੈ।

ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਟਵੀਟ ਕੀਤਾ, “ਕਤਰ ਦੇ ਦੋਹਾ ’ਚ ਇਸਲਾਮਿਕ ਸਮੂਹ ਦੇ ਰਾਜਨੀਤਿਕ ਦਫ਼ਤਰ ਦੇ ਮੈਂਬਰ ਅਬਦੁਲ ਸਾਲਮ ਹਨਾਫੀ ਨੇ ਚੀਨੀ ਉਪ ਵਿਦੇਸ਼ ਮੰਤਰੀ ਵੂ ਜਿਆਂਗਹਾਓ ਨਾਲ ਫ਼ੋਨ ’ਤੇ ਗੱਲ ਹੋਈ ਹੈ।” ਸੁਹੇਲ ਮੁਤਾਬਕ, ਚੀਨ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਕਿ ਕਾਬੁਲ ’ਚ ਉਨ੍ਹਾਂ ਦਾ ਦੂਤਘਰ ਖੁੱਲ੍ਹਾ ਰਹੇਗਾ ਤੇ ਰਿਸ਼ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਕੀਤੇ ਜਾਣਗੇ। ਚੀਨ ਨੇ ਕਿਹਾ ਕਿ ਅਫਗਾਨਿਸਤਾਨ ਖੇਤਰ ਦੇ ਵਿਕਾਸ ਅਤੇ ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਬੁਲਾਰੇ ਨੇ ਕਿਹਾ, “ਚੀਨ ਮਨੁੱਖੀ ਸਹਾਇਤਾ ਜਾਰੀ ਰੱਖੇਗਾ ਤੇ ਵਧਾਏਗਾ, ਖਾਸ ਕਰਕੇ ਕੋਵਿਡ-19 ਦੇ ਇਲਾਜ ਲਈ।”
ਦੂਜੇ ਪਾਸੇ, ਜਦੋਂ ਬੀਜਿੰਗ ’ਚ ਇੱਕ ਨਿੱਤ ਪ੍ਰੈਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਤਾਂ ਚੀਨ ਦੇ ਬੁਲਾਰੇ ਨੇ ਕਿਹਾ ਕਿ ਅਫਗਾਨਿਸਤਾਨ ’ਚ ਉਸਦਾ ਦੂਤਾਵਾਸ ਦੋਵਾਂ ਦੇਸ਼ਾਂ ਦੇ ਵਿਚਾਲੇ ਲੈਣ-ਦੇਣ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ ਤੇ ਇਸਦਾ ਸੰਚਾਲਨ ਆਮ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਤਾਲਿਬਾਨ ਇੱਕ ਖੁੱਲ੍ਹਾ ਤੇ ਸਮਾਵੇਸ਼ੀ ਰਾਜਨੀਤਿਕ ਢਾਂਚਾ ਕਾਇਮ ਕਰੇਗਾ, ਇੱਕ ਉਦਾਰ ਅਤੇ ਸਥਿਰ ਘਰੇਲੂ ਅਤੇ ਵਿਦੇਸ਼ ਨੀਤੀ ਅਪਣਾਏ ਅਤੇ ਸਾਰੇ ਅੱਤਵਾਦੀ ਸਮੂਹਾਂ ਨਾਲ ਸਬੰਧ ਤੋੜ ਦੇਵੇ।”
ਅਫਗਾਨਿਸਤਾਨ ‘ਤੇ ਕੱਟੜਪੰਥੀ ਇਸਲਾਮੀ ਸਮੂਹ ਦੇ ਕਬਜ਼ੇ ਤੋਂ ਬਾਅਦ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਕਾਬੁਲ ’ਚ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਹਨ ਤੇ ‘ਵੇਟ ਐਂਡ ਵਾਚ’ (ਉਡੀਕੋ ਤੇ ਦੇਖੋ) ਦੀ ਨੀਤੀ ਅਪਣਾ ਰਹੇ ਹਨ। ਹਾਲਾਂਕਿ ਚੀਨ ਨੇ ਅਮਰੀਕਾ ਦੇ ਜਲਦਬਾਜ਼ੀ ‘ਚ ਕੀਤੀ ਗਈ ਵਾਪਸੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਤਾਲਿਬਾਨ ਨਾਲ ਦੋਸਤਾਨਾ ਅਤੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਚੀਨੀ ਨਾਗਰਿਕਾਂ ਦੀ ਕਾਫੀ ਸਮਾਂ ਪਹਿਲਾਂ ਵਾਪਸੀ ਦੇ ਬਾਵਜੂਦ ਬੀਜਿੰਗ ਨੇ ਆਪਣਾ ਦੂਤਘਰ ਖੁੱਲ੍ਹਾ ਰੱਖਿਆ ਹੈ।
ਚੀਨ-ਤਾਲਿਬਾਨ ‘ਚ ‘ਸਮਝੌਤਾ’
ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਕਾਰਨ ਤਾਲਿਬਾਨ ਅਤੇ ਚੀਨ ਵਿਚਾਲੇ ਇਕ ਦੂਜੇ ਨੂੰ ਲਾਭ ਪਹੁੰਚਾਉਣ ਲਈ ਸਮਝੌਤਾ ਹੋਇਆ ਹੈ। ਚੀਨ ਨੂੰ ਅਰਬਾਂ ਡਾਲਰ ਦੇ ਪ੍ਰੋਜੈਕਟ ‘ਬੈਲਟ ਐਂਡ ਰੋਡ’ ਦੀ ਸਫਲਤਾ ਲਈ ਤਾਲਿਬਾਨ ਦੀ ਮਦਦ ਦੀ ਲੋੜ ਹੈ ਤਾਂ ਉਹ ਬਦਲੇ ਵਿੱਚ ਵਿੱਤੀ ਸਹਾਇਤਾ ਦੇਣ ਲਈ ਤਿਆਰ ਹੈ। ਬੀਜਿੰਗ ਦੀ ਨਜ਼ਰ ਅਫਗਾਨਿਸਤਾਨ ਦੇ ਖਣਿਜ ਭੰਡਾਰ ‘ਤੇ ਵੀ ਹੈ। ਤਾਲਿਬਾਨ ਨੂੰ ਚੀਨ ਤੋਂ ਨਿਵੇਸ਼ ਅਤੇ ਵਿੱਤੀ ਸਹਾਇਤਾ ਦੀ ਉਮੀਦ ਹੈ ਜਿਸਦੀ ਉਸਨੂੰ ਸਖਤ ਲੋੜ ਹੈ।




