ਡਾ. ਭਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ

ਸੋਹਣੇ ਦੇਸ ਪੰਜਾਬ ਦੇ ਸਭ ਲੋਕ ਸਦੀਆਂ ਤੋਂ ਆਪ ਵੀ ਖੂਬ ਛੋਲੇ ਖਾਂਦੇ ਸੀ ਤੇ ਅਪਣੇ ਦੁੱਧ ਦੇਣ ਵਾਲੇ ਪਸ਼ੂਆਂ ਅਤੇ ਘੋੜੀਆਂ ਨੂੰ ਵੀ ਖੁਆਉਂਦੇ ਸੀ। ਜਦ ਪਸ਼ੂਆਂ ਨੂੰ ਉਹ ਉਬਲੇ ਹੋਏ ਛੋਲੇ ਪਾਉਣ ਲਗਦੇ ਸੀ ਤਾਂ ਬੱਚਿਆਂ ਨੂੰ ਵੀ ਇੱਕ ਇੱਕ ਕੌਲੀ ਭਰਕੇ ਦੇ ਦਿੰਦੇ ਸੀ।
ਉਹ ਰੋਟੀ ਵੀ ਜ਼ਿਆਦਾਤਰ ਬਾਜਰੇ, ਮੱਕੀ ਜਾਂ ਛੋਲਿਆਂ ਦੀ ਖਾਂਦੇ ਸੀ। ਉਹ ਪੰਜੀਰੀ, ਪਿੰਨੀਆਂ, ਲੱਡੂ, ਬਰਫੀ, ਭੁਜੀਆ, ਬੂੰਦੀ, ਪਕੌੜੀਆਂ, ਪਕੌੜੇ, ਕੜੀ, ਕੜਾਹ ਆਦਿ ਵੀ ਛੋਲਿਆਂ ਦੇ ਬਣਾਕੇ ਖ਼ੂਬ ਖੁਸ਼ ਹੋ ਕੇ ਖਾਂਦੇ ਸੀ।
ਉਹ ਰਾਤ ਭਰ ਛੋਲੇ ਭਿਉਂਕੇ ਸਵੇਰੇ ਖਾਲੀ ਪੇਟ ਵੀ ਖਾਣਾ ਪਸੰਦ ਕਰਦੇ ਸੀ। ਇਉਂ ਭਿਉਂਕੇ ਖਾਧੇ ਛੋਲੇ ਮਿਹਦੇ ਜਿਗਰ ਲਈ ਵੀ ਫਾਇਦੇਮੰਦ ਰਹਿੰਦੇ ਹਨ ਤੇ ਅੰਤੜੀਆਂ ਲਈ ਵੀ।
ਬਹੁਤ ਲੋਕ ਭੁੰਨੇ ਹੋਏ ਛੋਲੇ ਰੋਜ਼ਾਨਾ ਦੁਪਹਿਰ ਬਾਅਦ ਖਾਣਾ ਖੂਬ ਪਸੰਦ ਕਰਦੇ ਸੀ। ਇਉਂ ਖਾਧੇ ਛੋਲੇ ਗਲੇ, ਫੇਫੜਿਆਂ ਆਦਿ ਦੇ ਬਹੁਤ ਰੋਗਾਂ ਤੋਂ ਲਾਭਦਾਇਕ ਹੁੰਦੇ ਹਨ।
ਪੁੰਗਰੇ ਹੋਏ ਛੋਲੇ ਤੇ ਬਦਾਮ ਵੀ ਬਹੁਤ ਨੌਜਵਾਨ ਵਰਜਿਸ਼ ਤੋਂ ਪਹਿਲਾਂ ਜਾਂ ਬਾਅਦ ਖਾਇਆ ਕਰਦੇ ਸੀ। ਇਉਂ ਖਾਧੇ ਛੋਲੇ ਮੀਟ, ਚਿਕਨ, ਅੰਡੇ ਆਦਿ ਮਾਸਾਹਾਰੀ ਖਾਣਿਆਂ ਨੂੰ ਟੱਕਰ ਦਿੰਦੇ ਹਨ।
ਛੋਲਿਆਂ ਵਿੱਚ ਪ੍ਰੋਟੀਨਜ਼, ਫਾਇਬਰ, ਫੋਲੇਟ, ਕਾਪਰ, ਮੈਂਗਨੀਜ਼, ਆਇਰਨ, ਫਾਸਫੋਰਸ ਆਦਿ ਤੱਤ ਕਾਫੀ ਮਾਤਰਾ ਵਿੱਚ ਹੋਣ ਕਾਰਨ ਇਹ ਵਾਲਾਂ, ਚਮੜੀ, ਮਾਸਪੇਸ਼ੀਆਂ, ਹੱਡੀਆਂ, ਜੋੜਾਂ, ਨਹੁੰਆਂ, ਦੰਦਾਂ ਆਦਿ ਦੀ ਤੰਦਰੁਸਤੀ ਵਧਾਉਂਦੇ ਹਨ। ਇਹ ਔਰਤਾਂ ਮਰਦਾਂ ਦੇ ਹਾਰਮੋਨਜ਼ ਸੰਬੰਧੀ ਵੀ ਕੋਈ ਨੁਕਸ ਨਹੀਂ ਬਣਨ ਦਿੰਦੇ।
ਛੋਲਿਆਂ ਵਿਚ ਪਲਾਂਟ ਬੇਸਡ ਪ੍ਰੋਟੀਨਜ਼ ਜ਼ਿਆਦਾ ਹੋਣ ਕਾਰਨ ਐਪੀਟਾਈਟ ਰਿਡਿਉਸਿੰਗ ਹਾਰਮੋਨਜ਼ ਵੱਧ ਬਣਨ ਲਗਦੇ ਹਨ। ਨਤੀਜੇ ਵਜੋਂ ਵਿਅਕਤੀ ਵਾਰ ਵਾਰ ਖਾਣੋਂ ਹਟਦਾ ਹੈ, ਖਾਸ ਕਰਕੇ ਜੰਕ ਫੂਡ ਦੀ ਲਤ ਹਟਦੀ ਹੈ। ਜਿਸ ਕਾਰਨ ਇਕੱਲਾ ਪੇਟ ਵਧਣੋਂ ਹਟਦਾ ਹੈ ਤੇ ਪਾਚਣ ਪ੍ਰਣਾਲੀ ਦੇ ਰੋਗ ਵਿਗੜਦੇ ਨਹੀਂ ਹਨ।
ਛੋਲਿਆਂ ਵਿਚਲੇ ਤੱਤ ਸੁੱਤੇ ਪਿਆਂ ਵਧਣ ਵਾਲੀ ਬਲੱਡ ਸ਼ੂਗਰ ਨੂੰ ਘਟਾਉਂਦੇ ਹਨ। ਯਾਨਿ ਕਿ ਟਾਈਪ ਵੰਨ ਜਾਂ ਟਾਈਪ ਨੂੰ ਸ਼ੂਗਰ ਰੋਗੀ ਨੂੰ ਰਾਤ ਦੇ ਖਾਣੇ ਵਿੱਚ ਰੋਜ਼ਾਨਾ ਛੋਲਿਆਂ ਦੀ ਪਤਲੀ ਤਰੀਦਾਰ ਸਬਜ਼ੀ ਦਿੱਤੀ ਜਾ ਸਕਦੀ ਹੈ।

ਛੋਲਿਆਂ ਵਿਚਲਾ ਸੌਲਿਉਬਲ ਡਾਇਟਿਕ ਫਾਇਬਰ ਟਰਾਇਗਲਿਸਰਾਇਡਜ਼ ਅਤੇ ਐਲ ਡੀ ਐਲ ਕੋਲੈਸਟਰੋਲ ਨੂੰ ਵੀ ਘਟਾਉਂਦਾ ਹੈ, ਜਿਸ ਕਾਰਨ ਦਿਲ ਅਤੇ ਧੜਕਨ ਸੰਬੰਧੀ ਰੋਗਾਂ ਤੋਂ ਵੀ ਛੋਲੇ ਚੰਗੇ ਹਨ।
ਹਰੇ ਛੋਲਿਆਂ ਵਿੱਚ ਸਭ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ। ਹਰੇ ਛੋਲਿਆਂ ਦੀ ਸਬਜ਼ੀ, ਚਟਣੀ ਜਾਂ ਹੋਲਾਂ ਸਭ ਤੋਂ ਵੱਧ ਸਿਹਤਵਰਧਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।
ਰਾਤ ਭਰ ਭਿਉਂਤੇ ਛੋਲੇ ਸਵੇਰੇ ਉਬਾਲ ਕੇ ਖਾਂਦੇ ਰਹਿਣ ਨਾਲ butyrate ਨਾਂ ਦਾ ਫੈਟੀ ਐਸਿਡ ਵਧੇਰੇ ਬਣਦਾ ਰਹਿੰਦਾ ਹੈ ਜੋ ਅੰਤੜੀਆਂ ਦੀ ਸੋਜ਼ ਘਟਾਕੇ ਵੱਡੀ ਅੰਤੜੀ ਚ ਕੈਂਸਰ ਬਣਨ ਤੋਂ ਬਚਾਅ ਕਰਦਾ ਹੈ।
ਛੋਲਿਆਂ ਨੂੰ ਭਿਉਂ ਕੇ ਰੱਖਣ ਨਾਲ ਇਹਨਾਂ ਵਿਚਲੀਆਂ ਪ੍ਰੋਟੀਨਜ਼ ਅਤੇ ਹੋਰ ਮਿਨਰਲਜ਼ ਜਲਦੀ ਹਜ਼ਮਹੋਣਯੋਗ ਹੋ ਜਾਂਦੇ ਹਨ। ਸਭ ਦਾਲਾਂ ਅਨਾਜਾਂ ਵਿਚਲੇ ਫਾਲਤੂ ਖ਼ਤਰਨਾਕ ਤੱਤ ਪਾਣੀ ਚ ਨਿਕਲ ਜਾਂਦੇ ਹਨ।
ਛੋਲਿਆਂ ਨੂੰ ਉਬਾਲਣ ਨਾਲ ਇਹਨਾਂ ਵਿਚਲੇ ਫਾਇਟੋ ਟੌਕਸਿਨਜ਼ ਵੀ ਨਿਕਲ ਜਾਂਦੇ ਹਨ ਜੋ ਇੱਕ ਪ੍ਰਕਾਰ ਦੇ ਜ਼ਹਿਰ ਹੁੰਦੇ ਹਨ। ਇਹਨਾਂ ਜ਼ਹਿਰਾਂ ਕਾਰਨ ਬਹੁਤੇ ਕੀੜੇ ਸੁੰਡੀਆਂ ਦਾਣਿਆਂ ਨੂੰ ਨਹੀਂ ਖਾਂਦੇ। ਪਥਰੀ ਬਣਾਉਣ ਜਾਂ ਯੂਰਿਕ ਐਸਿਡ ਵਧਾਉਣ ਵਾਲੇ ਔਕਸਾਲੇਟਸ ਵੀ ਨਿਕਲ ਜਾਂਦੇ ਹਨ।
ਇਸ ਲਈ ਛੋਲੇ ਜਾਂ ਹੋਰ ਮਿਲੱਟਸ, ਦਾਲਾਂ, ਅਨਾਜਾਂ ਨੂੰ ਵੀ ਪਕਾਉਣ ਤੋਂ ਪਹਿਲਾਂ ਜ਼ਰੂਰ ਭਿਉਂ ਕੇ ਰੱਖੋ। ਪੁੰਗਰੀਆਂ ਦਾਲਾਂ ਆਦਿ ਨੂੰ ਵੀ ਉਬਾਲ ਕੇ ਜਾਂ ਸਟੀਮ ਕਰਕੇ ਖਾਧਾ ਜਾਵੇ ਤਾਂ ਇਹ ਵਧੇਰੇ ਫਾਇਦੇਮੰਦ ਹੋ ਜਾਂਦੇ ਹਨ।
ਜੋ ਸ਼ੁੱਧ ਸ਼ਾਕਾਹਾਰੀ ਨੌਜਵਾਨ ਦਾਲਾਂ, ਅਨਾਜਾਂ ਚੋਂ ਜ਼ਿਆਦਾ ਪ੍ਰੋਟੀਨ ਲੈਣੀ ਚਾਹੁੰਦੇ ਹਨ ਅਤੇ ਜਲਦੀ ਮਸਲ ਵਧਾਉਣਾ ਚਾਹੁੰਦੇ ਹਨ ਜਾਂ ਜੋ ਕੁੜੀਆਂ ਜਾਂ ਔਰਤਾਂ ਸਰੀਰਕ ਫਿਗਰ ਸੋਹਣੀ ਬਣਾਉਣਾ ਚਾਹੁੰਦੀਆਂ ਹਨ ਉਹਨਾਂ ਸਭ ਨੂੰ ਪੁੰਗਰੀਆਂ ਦਾਲਾਂ, ਅਨਾਜ ਆਦਿ ਉਬਾਲ ਕੇ ਜਾਂ ਸਟੀਮ ਕਰਕੇ ਹੀ ਖਾਣੇ ਚਾਹੀਦੇ ਹਨ।
ਲੇਕਿਨ ਜਿਸ ਪਾਣੀ ਵਿਚ ਦਾਲਾਂ ਉਬਾਲੀਆਂ ਗਈਆਂ ਹੋਣ ਉਹ ਪਾਣੀ ਡੋਲ੍ਹ ਦੇਣਾ ਚਾਹੀਦਾ ਹੈ। ਕਿਉਂਕਿ ਇਸ ਪਾਣੀ ਵਿੱਚ ਐਂਟੀ ਨਿਉਟਰੀਐਂਟਸ ਵੀ ਨਿਕਲ ਜਾਂਦੇ ਹਨ। ਇਹ ਐਂਟੀ ਨਿਉਟਰੀਐਂਟਸ ਦਾਲਾਂ ਅਨਾਜਾਂ ਵਿਚਲੇ ਸਿਹਤਵਰਧਕ ਤੱਤਾਂ ਨੂੰ ਜ਼ਿਆਦਾ ਮਾਤਰਾ ਵਿੱਚ ਹਜ਼ਮ ਹੀ ਨਹੀਂ ਹੋਣ ਦਿੰਦੇ।

ਹਫ਼ਤੇ ਚ ਘੱਟੋ-ਘੱਟ ਇੱਕ ਵਾਰ ਛੋਲਿਆਂ ਦੀ ਦਾਲ ਜ਼ਰੂਰ ਬਣਾਕੇ ਸਾਰਾ ਪਰਿਵਾਰ ਖਾਂਦੇ ਰਹੋ। ਦਸ ਕੁ ਘੰਟੇ ਤੱਕ ਛੋਲੇ ਭਿੱਜੇ ਰਹਿਣ ਦਿਉ। ਫਿਰ ਪਾਣੀ ਡੋਹਲ ਦਿਉ। ਹੁਣ ਤੜਕੇ ਛੜਕੇ ਲਾਕੇ ਤਰੀਦਾਰ ਸਬਜ਼ੀ ਬਣਾਉ।
ਲੇਕਿਨ ਲੂਣ, ਮਿਰਚ ਮਸਾਲੇ ਘੱਟ ਤੋਂ ਘੱਟ ਰੱਖੋ। ਉਂਜ ਥੋੜੇ ਥੋੜੇ ਸਾਰੇ ਮਸਾਲੇ ਪਾਏ ਜਾ ਸਕਦੇ ਹਨ ਜਿਵੇਂ ਕਿ ਵੱਡੀ ਅਤੇ ਛੋਟੀ ਇਲਾਇਚੀ, ਕਾਲਾ ਅਤੇ ਚਿੱਟਾ ਜੀਰਾ, ਅਜਵੈਣ, ਅਨਾਰ ਦਾਣਾ, ਅੰਬਚੂਰ, ਦਾਲਚੀਨੀ, ਹਿੰਗ, ਲੌਂਗ, ਤੇਜ ਪੱਤਾ, ਕੜੀ ਪੱਤਾ, ਜਾਇਫਲ, ਜਵਿੱਤਰੀ, ਰੋਜ਼ਮੇਰੀ, ਮੇਥੀ ਆਦਿ ਦੇ ਇਲਾਵਾ ਛੋਲਿਆਂ ਦੀ ਸਬਜ਼ੀ ਚ ਹਰੀ ਮਿਰਚ, ਦੇਗੀ ਮਿਰਚ ਜਾਂ ਕਾਲੀ ਮਿਰਚ ਵੀ ਥੋੜੀ ਥੋੜੀ ਪਾਈ ਜਾ ਸਕਦੀ ਹੈ।
ਛੋਲੇ ਖਾਣ ਵਾਲਿਆਂ ਦੇ ਦੰਦ, ਜਾੜਾਂ ਸੰਬੰਧੀ ਰੋਗ ਨਹੀਂ ਬਣਦੇ ਅਤੇ ਕਬਜ਼, ਕਮਜ਼ੋਰੀ ਵੀ ਨਹੀਂ ਬਣਦੀ। ਉਹਨਾਂ ਦੇ ਹੱਡੀਆਂ ਜੋੜ ਵੀ ਨਹੀਂ ਘਸਦੇ ਅਤੇ ਸਲਿਪਡ ਡਿਸਕ, ਸਰਵਾਇਕਲ ਸਪੌਂਡਿਲਾਇਟਿਸ ਆਦਿ ਨੁਕਸ ਵੀ ਨਹੀਂ ਬਣਦੇ।
ਛੋਲਿਆਂ ਦੀ ਰੈਸਿਪੀ ਚੋਂ ਕੜ੍ਹੀ ਬਹੁਤ ਪੌਸ਼ਟਿਕ, ਸੁਆਦੀ ਅਤੇ ਹਾਜ਼ਮੇਦਾਰ ਹੁੰਦੀ ਹੈ। ਇਹ ਵੀ ਮਹੀਨੇ ਚ ਇਕ ਦੋ ਵਾਰ ਖਾਂਦੇ ਰਹਿਣਾ ਚਾਹੀਦਾ ਹੈ। ਛੋਲਿਆਂ ਦੇ ਆਟੇ ਦਾ ਕੜਾਹ ਵੀ ਬੇਹੱਦ ਸਿਹਤਵਰਧਕ ਤੇ ਸੁਆਦੀ ਹੁੰਦਾ ਹੈ।
ਸਾਬਤ ਛੋਲਿਆਂ ਦੀ ਤਰੀਦਾਰ ਸਬਜ਼ੀ ਕੋਵਿਡ ਮਰੀਜ਼ ਨੂੰ ਵੀ ਦੇ ਸਕਦੇ ਹਾਂ ਤੇ ਕੋਵਿਡ ਤੋਂ ਠੀਕ ਹੋਏ ਮਰੀਜ਼ ਨੂੰ ਤਾਂ ਬੇਹੱਦ ਲਾਭਦਾਇਕ ਰਹਿੰਦੀ ਹੈ। ਕੋਵਿਡ ਕਾਰਨ ਮਹਿਸੂਸ ਹੋਣ ਵਾਲੀ ਕਮਜ਼ੋਰੀ, ਸਿਰ ਦਰਦ, ਥਕਾਵਟ, ਗਲਾ ਖ਼ਰਾਬੀ, ਸੁਸਤੀ, ਸਰੀਰ ਦਰਦ ਆਦਿ ਛੋਲਿਆਂ ਦੀ ਤਰੀਦਾਰ ਸਬਜ਼ੀ ਦੇ ਸੂਪ ਪੀਣ ਜਾਂ ਕੜ੍ਹੀ ਖਾਂਦੇ ਰਹਿਣ ਨਾਲ ਕੁੱਝ ਹੀ ਦਿਨਾਂ ਚ ਠੀਕ ਹੋ ਜਾਂਦੇ ਹਨ।
ਰਾਤ ਭਰ ਭਿਉਂ ਕੇ ਸਾਬਤ ਛੋਲਿਆਂ ਦੀ ਸਬਜ਼ੀ ਬਣਾ ਕੇ ਅੱਧੀ ਕੌਲੀ ਮਿਕਸੀ ਚ ਪਾਉ ਤੇ ਅੱਧੀ ਕੌਲੀ ਗਰਮ ਪਾਣੀ ਪਾਉ। ਹੁਣ ਮਿਕਸੀ ਚ ਰਗੜ ਕੇ ਸੰਘਣਾ ਸੂਪ ਤਿਆਰ ਹੋ ਗਿਆ। ਇਸ ਵਿੱਚ ਬਰੀਕ ਕੁਤਰ ਕੇ ਹਰਾ ਧਣੀਆ, ਮੇਥੀ, ਹਾਲੋਂ ਆਦਿ ਪਾ ਸਕਦੇ ਹੋ।
ਇਹ ਸੂਪ ਕੋਵਿਡ ਮਰੀਜ਼ ਨੂੰ ਵੀ ਰੋਜ਼ਾਨਾ ਪੀਣ ਲਈ ਦੇ ਸਕਦੇ ਹਾਂ ਤੇ ਟਾਇਫਾਈਡ, ਕੈਂਸਰ, ਟੀਬੀ, ਡਾਇਬੇਟੀਜ਼, ਸਿਰੌਸਿਸ, ਅਧਰੰਗ, ਦਿਲ ਰੋਗ ਆਦਿ ਵਿੱਚ ਵੀ ਦੇ ਸਕਦੇ ਹਾਂ।
ਇਹ ਸੂਪ ਗਰਭਵਤੀ ਨੂੰ ਵੀ ਦੇ ਸਕਦੇ ਹਾਂ ਤੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਵੀ। ਇਹ ਸੂਪ ਇੱਕ ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਹਾਂ ਤੇ ਬਹੁਤ ਕਮਜ਼ੋਰ ਬਜ਼ੁਰਗ ਨੂੰ ਵੀ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12596
ਬੱਚਿਆਂ ਨੂੰ ਰਲ ਮਿਲ ਰਹਿਣ ਅਤੇ ਵੰਡਕੇ ਖਾਣ ਪੀਣ ਦੀ ਆਦਤ ਪਾਉ। ਇਉਂ ਬੱਚਿਆਂ ਦਾ ਆਪਸ ਵਿੱਚ ਬਚਪਨ ਤੋਂ ਹੀ ਗੂੜਾ ਪਿਆਰ ਪਾਉਣ ਦੀ ਕੋਸ਼ਿਸ਼ ਕਰੋ। ਸਫਲ ਮਾਪੇ ਉਹੀ ਹੁੰਦੇ ਹਨ ਜੋ ਆਪ ਵੀ ਬੱਚਿਆਂ ਨਾਲ ਵਿਤਕਰਾ ਨਾਂ ਕਰਨ ਤੇ ਬੱਚਿਆਂ ਨੂੰ ਵੀ ਇੱਕ ਦੂਜੇ ਨਾਲ ਵਿਤਕਰਾ ਨਾ ਕਰਨ ਦੇਣ ਬਲਕਿ ਬੱਚਿਆਂ ਨੂੰ ਇੱਕ ਦੂਜੇ ਨਾਲ ਰਿਆਇਤ ਕਰਨ ਦੀ ਆਦਤ ਪਾ ਦੇਣ।






