ਇਕ ਥਾਣੇਦਾਰ ਨੂੰ ਕਾਬੂ ਕੀਤਾ ਹੈ ਜਦਕਿ ਦੂਜੇ ਦੀ ਗਿ੍ਫ਼ਤਾਰੀ ਬਾਕੀ ਹੈ ।

ਬਰਨਾਲਾ (ਬਿਊਰੋ) : ਵਿਜੀਲੈਂਸ ਟੀਮ ਨੇ ਥਾਣਾ ਸਿਟੀ 2 ਬਰਨਾਲਾ ਦੇ ਦੋ ਥਾਣੇਦਾਰਾਂ ਵਿਚੋਂ ਇਕ ਥਾਣੇਦਾਰ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਜਦਕਿ ਦੂਜੇ ਦੀ ਗਿ੍ਫ਼ਤਾਰੀ ਬਾਕੀ ਹੈ । ਜ਼ਮੀਨੀ ਝਗੜੇ ਦੇ ਮਾਮਲੇ ‘ਚ ਮੁਦੱਈ ਧਿਰ ਤੋਂ ਰਿਸ਼ਵਤ ਮੰਗਣ ‘ਤੇ ਜਿੱਥੇ ਵਿਜੀਲੈਂਸ ਬਰਨਾਲਾ ਦੀ ਟੀਮ ਨੇ ਇਹ ਮਾਮਲਾ ਦਰਜ ਕੀਤਾ ਹੈ ।
ਡੀਐੱਸਪੀ ਵਿਜੀਲੈਂਸ ਬਰਨਾਲਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਦੱਈ ਸੁਰਜੀਤ ਸਿੰਘ ਦਾ ਅਮਰ ਸਿੰਘ ਨਾਲ ਜ਼ਮੀਨੀ ਝਗੜਾ ਹੋ ਗਿਆ ਸੀ, ਜਿਸ ਦੇ ਸਬੰਧ ‘ਚ ਗੁਰਜੀਤ ਸਿੰਘ ਨੇ ਥਾਣਾ ਸਿਟੀ 2 ਦੇ ਥਾਣੇਦਾਰ ਮਨੋਹਰ ਸਿੰਘ ਤੇ ਥਾਣੇਦਾਰ ਹਾਕਮ ਸਿੰਘ ਕੋਲ ਦਰਖਾਸਤ ਦਿੱਤੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਦੋਵੇਂ ਥਾਣੇਦਾਰਾਂ ਨੇ ਮੁਦੱਈ ਗੁਰਜੀਤ ਸਿੰਘ ਦਾ ਹੀ ਟਰੈਕਟਰ ਫੜ ਕੇ ਥਾਣੇ ਬੰਦ ਕਰ ਦਿੱਤਾ। ਉਸ ਨੂੰ ਛੱਡਣ ਬਦਲੇ ਦੋਵੇਂ ਥਾਣੇਦਾਰਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਆਖ਼ਰ ‘ਚ 25 ਹਜ਼ਾਰ ਰੁਪਏ ‘ਚ ਟਰੈਕਟਰ ਛੱਡਣ ਅਤੇ ਮਾਮਲੇ ਨੂੰ ਰਫ਼ਾ -ਦਫ਼ਾ ਕਰਨ ਦਾ ਮਾਮਲਾ ਤੈਅ ਹੋ ਗਿਆ। ਉਸ ਤੈਅ ਕੀਤੇ ਮਾਮਲੇ ਤਹਿਤ ਹੀ 25 ਹਜ਼ਾਰ ਰੁਪਏ ‘ਚੋਂ ਪਹਿਲੀ ਕਿਸ਼ਤ 15 ਹਜ਼ਾਰ ਰੁਪਏ ਗੁਰਜੀਤ ਸਿੰਘ ਧਿਰ ਵੱਲੋਂ ਥਾਣਾ ਸਿਟੀ 2 ਦੇ ਥਾਣੇਦਾਰ ਮਨੋਹਰ ਸਿੰਘ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਟੀਮ ਬਰਨਾਲਾ ਨੇ ਉਸ ਨੂੰ ਰੰਗੇ ਹੱਥੀਂ 15 ਹਜ਼ਾਰ ਰੁਪਏ (500-500ਦੇ ਨੋਟ) ਸਮੇਤ ਗਿ੍ਫ਼ਤਾਰ ਕਰ ਲਿਆ। ਇਸ ਮਾਮਲੇ ‘ਚ ਡੀਐੱਸਪੀ ਵਿਜੀਲੈਂਸ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਮਨੋਹਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ‘ਚ ਗਿ੍ਫ਼ਤਾਰ ਕੀਤਾ ਹੈ ਅਤੇ ਹਾਕਮ ਸਿੰਘ ਏਐੱਸਆਈ ਦੀ ਗਿ੍ਫ਼ਤਾਰੀ ਬਾਕੀ ਹੈ, ਜਿਸ ਦੀ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਜੇ ਉਹ ਇਸ ਮਾਮਲੇ ‘ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਦੀ ਵੀ ਗਿ੍ਫ਼ਤਾਰੀ ਜਲਦੀ ਕਰ ਲਈ ਜਾਵੇਗੀ।






