17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਮਲਾ ਬੁਢਲਾਡਾ ਥਾਣਾ (ਸਿਟੀ) ਵਿਖੇ ਪੁਲਿਸ ਤਸੱਦਦ ਕਾਰਨ ਹੋਈ ਮੌਤ ਦਾ

ਮਾਮਲਾ ਬੁਢਲਾਡਾ ਥਾਣਾ (ਸਿਟੀ) ਵਿਖੇ ਪੁਲਿਸ ਤਸੱਦਦ ਕਾਰਨ ਹੋਈ ਮੌਤ ਦਾ

ਮਿ੍ਤਕ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਫਫੜੇ ਭਾਈਕੇ ਦੇ ਮਾਪੇ ਇਨਸਾਫ਼ ਲਈ ਖਾ ਰਹੇ ਦਰ-ਦਰ ਠੋਕਰਾਂ
ਕੌਮੀ ਐਸ.ਸੀ.ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵੱਲੋਂ ਐਲਾਨੀ ਰਾਸ਼ੀ ਵਿੱਚੋਂ ਨਹੀਂ ਮਿਲੀ ਫੁੱਟੀ ਕੌਡੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੁਢਲਾਡਾ ਦੇ ਪੁਲਿਸ ਥਾਣਾ (ਸਿਟੀ) ਵਿਖੇ ਕਥਿਤ ਪੁਲਿਸ ਤਸੱਦਦ ਕਾਰਨ ਪਿੰਡ ਫਫੜੇ ਭਾਈਕੇ ਦੇ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਬਿੱਲਾ ਦੀ ਮੌਤ ਸਬੰਧੀ ਇਨਸਾਫ਼ ਲਈ ਇਸ ਮਿ੍ਤਕ ਨੌਜਵਾਨ ਦੇ ਮਾਪੇ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਅੱਜ ਇੱਥੇ ਮਿ੍ਤਕ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਦੀ ਮਾਤਾ ਭੱਪੀ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਸਬੰਧੀ ਅਨੁਸੂਚਿਤ ਜਾਤੀਆਂ ਦੇ ਕੌਮੀ ਕਮਿਸ਼ਨ (ਭਾਰਤ ਸਰਕਾਰ) ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਦੋਸ਼ੀਆਂ ਨੂੰ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਲਗਭੱਗ ਅੱਠ ਲੱਖ ਦੀ ਰਾਸ਼ੀ ਅਤੇ ਹੋਰ ਸਹੂਲਤਾਂ ਆਦਿ ਸਬੰਧੀ ਆਦੇਸ਼ ਜਾਰੀ ਕੀਤੇ ਸਨ। ਪਰ ਇਹ ਆਦੇਸ਼ ਸਿਰਫ਼ ਅਖਬਾਰਾਂ ਦੀਆਂ ਸੁਰਖੀਆਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਸਦੇ ਨੌਜਵਾਨ ਪੁੱਤਰ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰਨ ਵਾਲੇ ਕਥਿਤ ਕਾਤਲਾਂ ਨੂੰ ਬਚਾਉਣ ਲਈ ਜ਼ਿਲੇ ਦੀ ਅਫਸਰਸ਼ਾਹੀ ਅਤੇ ਸੱਤਾਧਾਰੀ ਧਿਰ ਲੱਗੀ ਹੋਈ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।

ਇਸ ਮੌਕੇ ਮਿ੍ਤਕ ਦੀ ਮਾਤਾ ਦੇ ਨਾਲ ਉਸਦਾ ਪਤੀ ਮਲਕੀਤ ਸਿੰਘ ਅਤੇ ਨਾਬਾਲਿਗ ਪੁੱਤਰ ਦੀਪ ਸਿੰਘ ਵੀ ਮੌਜੂਦ ਸੀ। ਮਿ੍ਤਕ ਦੇ ਮਾਤਾ ਨੇ ਦੱਸਿਆ ਕਿ ਉਸਦੇ ਦੇ 20 ਸਾਲਾਂ ਪੁੱਤਰ ਦੀ ਪੁਲਿਸ ਸਟੇਸ਼ਨ ਬੁਢਲਾਡਾ (ਸਿਟੀ) ਦੀ ਪੁਲਿਸ ਵੱਲੋਂ ਕਥਿਤ ਤੋਰ ‘ਤੇ ਵਹਿਸ਼ੀਆਨਾ ਢੰਗ ਨਾਲ ਕੁੱਟਮਾਰ ਕੀਤੇ ਜਾਣ ਕਾਰਨ ਲੰਘੀ 22 ਮੲ ਦੀ ਰਾਤ ਨੂੰ ਮੌਤ ਹੋ ਗਈ ਸੀ। ਇਸ ਸਬੰਧੀ ਉਨ੍ਹਾਂ ਨੇ ਇੰਨਸਾਫ ਲੈਣ ਲਈ ਅਨੁਸੂਚਿਤ ਜਾਤੀਆਂ ਦੇ ਕੌਮੀ ਕਮਿਸ਼ਨ (ਭਾਰਤ ਸਰਕਾਰ) ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੂੰ ਲਿਖਤੀ ਦੁਰਖਾਸਤ ਭੇਜੀ ਸੀ।
ਉਨ੍ਹਾਂ ਦੱਸਿਆ ਕਿ ਇਸ ਦੁਰਖਾਸਤ ਉੱਪਰ ਫੌਰੀ ਐਕਸ਼ਨ ਲੈਂਦਿਆਂ ਅਨੂਸੂਚਿਤ ਜਾਤੀਆਂ ਦੇ ਕੌਮੀ ਕਮਿਸ਼ਨ (ਭਾਰਤ ਸਰਕਾਰ) ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ 4 ਜੂਨ ਨੂੰ ਮਾਨਸਾ ਵਿਖੇ ਆ ਕੇ ਪੀੜਤ ਪਰਿਵਾਰ ਨੂੰ ਨਿੱਜੀ ਰੂਪ ਵਿੱਚ ਮਿਲੇ ਸਨ। ਸ੍ਰੀ ਵਿਜੇ ਸਾਂਪਲਾ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਸਨ ਅਤੇ ਇੰਨਾਂ ਆਦੇਸ਼ਾਂ ਉੱਪਰ ਪੜਤਾਲ ਕਰਨ ਉਪਰੰਤ ਪੁਲਿਸ ਅਧਿਕਾਰੀਆਂ ਨੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ‘ਤੇ ਪੁਲਿਸ ਸਟੇਸ਼ਨ ਬੁਢਲਾਡਾ (ਸਿਟੀ) ਵਿਖੇ ਐਫ ਆਈ ਆਰ ਨੰਬਰ 69 ਅੰਡਰ ਸੈਕਸਨ 304 ਆਈ ਪੀ ਸੀ ਅਤੇ 3 (ਵੀ) ਐਸ.ਸੀ ਐਕਟ ਤਹਿਤ ਮਿਤੀ 04-06-2021 ਨੂੰ ਮੁਕੱਦਮਾ ਦਰਜ ਕਰ ਦਿੱਤਾ ਸੀ।
ਇਸ ਮੌਕੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਪੀੜਤ ਪਰਿਵਾਰ ਨੂੰ 8 ਲੱਖ 25 ਹਜ਼ਾਰ ਮੁਆਵਜ਼ਾ , ਮਕਾਨ ਉਸਾਰੀ ਲਈ ਢਾਈ ਲੱਖ ਰੁਪਏ , ਮਿ੍ਤਕ ਨੌਜਵਾਨ ਮਨਪ੍ਰੀਤ ਸਿੰਘ ਦੀ ਮਾਤਾ ਨੂੰ ਪ੍ਰਤੀ ਮਹੀਨਾ ਪੰਜ ਹਜ਼ਾਰ ਰੁਪਏ ਪੈਨਸ਼ਨ ਅਤੇ ਮਿ੍ਤਕ ਨੌਜਵਾਨ ਦੇ ਨਾਬਾਲਿਗ ਭਰਾ ਦੀਪ ਸਿੰਘ ਨੂੰ ਗਰੈਜੂਏਸ਼ਨ ਤੱਕ ਦੀ ਮੁਫ਼ਤ ਪੜਾਈ ਦੀ ਸਹੂਲਤ ਦੇਣ ਸਬੰਧੀ ਆਦੇਸ਼ ਜਾਰੀ ਕੀਤੇ ਸਨ।
ਮਿ੍ਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਹ ਜਿਲ੍ਹੇ ਦੇ ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਵਿੱਚ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਫਰਿਆਦ ਨਹੀਂ ਸੁਣ ਰਿਹਾ। ਉਨ੍ਹਾਂ ਦੱਸਿਆ ਕਿ ਜੇਕਰ ਉਸਦੇ ਪੁੱਤਰ ਦੇ ਕਤਲ ਦੀ ਐਫ ਆਈ ਆਰ ਦਰਜ ਹੋ
ਸਕਦੀ ਹੈ ਤਾਂ ਫਿਰ 22 ਮੲੀ ਦੀ ਰਾਤ ਨੂੰ ਬੁਢਲਾਡਾ ਵਿਖੇ ਘਰੋਂ ਚੁੱਕਣ ਵਾਲੇ ਪੀ.ਸੀ.ਆਰ. ਦੇ ਪੁਲਿਸ ਮੁਲਾਜਮਾਂ ਸਮੇਤ ਥਾਣਾ ਸਿਟੀ ਬੁਢਲਾਡਾ ਦੇ ਇਸ ਮਾਮਲੇ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਦੇ ਨਾਵਾਂ ਨੂੰ ਕਿਉਂ ਨਹੀ ਐਫ.ਆਈ.ਆਰ. ਵਿੱਚ ਨਾਮਜ਼ਦ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸ੍ਰੀ ਵਿਜੇ ਸਾਂਪਲਾ ਜੀ ਦੇ ਆਦੇਸ਼ਾਂ ਤੋਂ ਬਾਅਦ ਬੁਢਲਾਡਾ ਸਿਟੀ ਥਾਣੇ ਦੇ ਐਸ ਐਚ ਓ ਸਮੇਤ ਕੁੱਝ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਸੀ। ਪਰ ਇਸ ਤੋਂ ਬਾਅਦ ਵਿੱਚ ਹੋਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਮਿ੍ਤਕ ਦੀ ਮਾਤਾ ਨੇ ਦੱਸਿਆ ਕਿ ਉਹ ਇਸ ਮਾਮਲੇ ਦੇ ਸਬੰਧ ਵਿੱਚ ਨਿੱਜੀ ਰੂਪ ਵਿੱਚ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਨਾਲ ਲੈ ਕੇ ਜਿਲ੍ਹੇ ਦੇ ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਹੀ ਨੈਸ਼ਨਲ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਵੱਲੋਂ ਐਲਾਨੀ ਰਾਸ਼ੀ ਵਿੱਚੋਂ ਹਾਲਾਂ ਤੱਕ ਕੋਈ ਫੁੱਟੀ ਕੌਡੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸਦੇ ਉਲਟ ਪੁਲਿਸ ਵਾਲੇ ਸਾਨੂੰ ਡਰਾ-ਧਮਕਾ ਕੇ ਚੁੱਪ ਕਰਵਾਉਣਾ ਚਾਹੁੰਦੇ ਹਨ । ਸਾਡੀ ਜਾਨ ਨੂੰ ਵੀ ਪੂਰਾ ਖਤਰਾ ਹੈ।ਨਿੱਤ ਦਿਨ ਸਾਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਚੇਅਰਮੈਨ ਸਾਹਿਬ ਸ੍ਰੀ ਵਿਜੇ ਸਾਂਪਲਾ ਦਾ ਹਵਾਲਾ ਦਿੰਦੇ ਹਾਂ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਸ੍ਰੀ ਵਿਜੇ ਸਾਂਪਲਾ ਦਾ ਦੌਰਾ ਤਾਂ ਵੋਟਾਂ ਲਈ ਡਰਾਮਾ ਸੀ ਜੋ ਉਹ ਕਰ ਗਿਆ ਹੈ। ਹੁਣ ਥੋਨੂੰ ਕੋਈ ਆਰਥਿਕ ਸਹਾਇਤਾ ਵਗੈਰਾ ਨਹੀਂ ਮਿਲਣੀ।
ਭੱਪੀ ਕੋਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਇੰਨਸਾਫ ਨਾ ਦਿੱਤਾ ਗਿਆ ਤਾਂ ਉਨ੍ਹਾਂ ਦਾ ਪਰਿਵਾਰ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗਾ ਜਿਸ ਲਈ ਜਿਲ੍ਹਾ ਪੁਲਿਸ ਅਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ ।

Today Now News

RELATED ARTICLES
- Advertisment -

POPULAR POSTS