ਥਾਣਾ ਸਿਟੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 44 ਤੇ ਮਿੱਡ-ਵੇ ਨਾਕਾਬੰਦੀ ਦੌਰਾਨ ਇਕ ਕਾਰ ਵਿਚੋਂ 300 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਕਾਰ ਸਵਾਰ ਨੂੰ ਕੀਤਾ ਹੈ ਗਿ੍ਫਤਾਰ

ਰਾਜਪੁਰਾ,ਬਿਊਰੋ:-ਥਾਣਾ ਸਿਟੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 44 ਤੇ ਮਿੱਡ-ਵੇ ਨਾਕਾਬੰਦੀ ਦੌਰਾਨ ਇਕ ਕਾਰ ਵਿਚੋਂ 300 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਕਾਰ ਸਵਾਰ ਨੂੰ ਗਿ੍ਫਤਾਰ ਕੀਤਾ ਹੈ। ਥਾਣਾ ਸਿਟੀ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੀਐਸਪੀ ਰਾਜਪੁਰਾ ਗੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ਹਿਰ ਵਿਚ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣੇਦਾਰ ਬਹਾਦਰ ਰਾਮ ਨੇ ਪੁਲਿਸ ਪਾਰਟੀ ਸਮੇਤ ਕੌਮੀ ਸ਼ਾਹ ਮਾਰਗ ਨੰਬਰ 44 ਤੇ ਹੋਟਲ ਮਿੱਡ-ਵੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੋਰਾਨ ਅੰਬਾਲਾ ਵਾਲੇ ਪਾਸੇ ਤੋਂ ਇਕ ਫੋਰਡ ਫੀਗੋ ਕਾਰ ਆਈ। ਜਿਸ ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਕਾਰ ਚਾਲਕ ਦੇ ਕਬਜੇ ਵਿਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਕਾਰ ਚਾਲਕ ਨੇ ਪੁੱਛਗਿੱਛ ਦੋਰਾਨ ਆਪਣੀ ਪਹਿਚਾਣ ਭੂਪਿੰਦਰ ਸਿੰਘ ਵਾਸੀ ਅਮਨ ਐਵੀਨਿਊ ਮਜੀਠਾ ਰੋਡ ਅੰਮਿ੍ਤਸਰ ਦੱਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਥਾਣਾ ਸ਼ਹਿਰੀ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਉਕਤ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੋਰਾਨ ਉਕਤ ਵਿਅਕਤੀ ਨੇ ਮੰਨਿਆਂ ਹੈ ਕਿ ਉਸਦੇ ਖ਼ਿਲਾਫ਼ ਅੰਮਿ੍ਤਸਰ ਦੇ ਵੱਖ-ਵੱਖ ਥਾਣਿਆਂ ਵਿਚ ਪਹਿਲਾਂ ਵੀ ਆਰਮ ਐਕਟ, ਐਨਡੀਪੀਐਸ ਦੇ ਕੇਸ ਦਰਜ ਹਨ।





