
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਭਖੀ ਹੋਈ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਵੱਲੋਂ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਫੋਟੋ ਟਵਿੱਟਰ ‘ਤੇ ਸ਼ੇਅਰ ਕਰਨ ਤੋਂ ਬਾਅਦ ਹੁਣ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਮਾਮਲੇ ‘ਚ ਆਈ.ਐੱਸ.ਆਈ. ਦੇ ਕਥਿਤ ਕੁਨੈਕਸ਼ਨ ਦੀ ਜਾਂਚ ਦੀ ਮੰਗ ਤੋਂ ਪਿੱਛੇ ਹਟ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਦੋ ਦੇਸ਼ਾਂ ਦਾ ਮਾਮਲਾ ਹੈ। ਹੁਣ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰੰਧਾਵਾ ਨੇ ਹੁਣ ਜਾਂਚ ਕਰਵਾਉਣ ਦੇ ਸੰਬੰਧ ਵਿੱਚ ਆਪਣਾ ਟਵੀਟ ਡਲੀਟ ਕਰ ਦਿੱਤਾ ਹੈ।
ਦੂਜੇ ਪਾਸੇ ਕੈਪਟਨ ਅਮਰਿੰਦਰ ਅਤੇ ਅਰੂਸਾ ਆਲਮ ਨੂੰ ਲੈ ਕੇ ਰੰਧਾਵਾ ਖਿਲਾਫ ਮੋਰਚਾ ਖੋਲ੍ਹਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਕੈਪਟਨ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਇਹ ਮਾਮਲਾ ਕਿਉਂ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਇਸ ਮੁੱਦੇ ਨੂੰ ਉਠਾਉਂਦਾ ਰਿਹਾ ਹੈ ਪਰ ਉਸ ਸਮੇਂ ਕਾਂਗਰਸੀ ਆਗੂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।
ਸੁਖਬੀਰ ਨੇ ਦੋਸ਼ ਲਾਇਆ ਕਿ ਚਾਰ ਸਾਲ ਰੰਧਾਵਾ ਨੇ ਅਰੂਸਾ ਆਲਮ ਨਾਲ ਡਿਨਰ ਵੀ ਕੀਤਾ। ਹਾਲਾਂਕਿ ਰੰਧਾਵਾ ਨੇ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਅਰੂਸਾ ਆਲਮ ਨੂੰ ਲੈ ਕੇ ਕੈਪਟਨ ਦੀ ਦੇਸ਼ ਭਗਤੀ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਅਰੂਸਾ ਆਲਮ ਦੇ ਆਈਐਸਆਈ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਜਾਂਚ ਕਰਵਾਉਣ ਬਾਰੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਯੂ ਟਰਨ ਲੈ ਲਈ ਹੈ।
ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਰੂਸਾ ਦਾ ਮਾਮਲਾ ਅੰਤਰ ਰਾਸ਼ਟਰੀ ਮੁੱਦਾ ਹੈ। ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਰੰਧਾਵਾ ਨੇ ਆਖਿਆ ਸੀ ਕਿ ਉਹ ਅਰੂਸਾ ਆਲਮ ਦੇ ਆਈਐਸਆਈ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਜਾਂਚ ਕਰਵਾਉਣ। ਜਿਸ ਪਿੱਛੋਂ ਕੈਪਟਨ ਨੇ ਰੰਧਾਵਾ ਨੂੰ ਮੋੜਵਾਂ ਜਵਾਬ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਸਾਬਕਾ ਵਜ਼ਾਰਤੀ ਸਾਥੀ ਹੁਣ ਨਿੱਜੀ ਹਮਲਿਆਂ ’ਤੇ ਉਤਰ ਆਏ ਹਨ।
ਕੈਪਟਨ ਨੇ ਇਕ ਟਵੀਟ ਵਿੱਚ ਕਿਹਾ, ‘‘ਮੈਨੂੰ ਤਾਂ ਇਹ ਫ਼ਿਕਰ ਸਤਾਉਂਦਾ ਹੈ ਕਿ ਹੁਣ ਜਦੋਂ ਤਿਉਹਾਰਾਂ ਦਾ ਸਮਾਂ ਹੈ ਤੇ ਦਹਿਸ਼ਤੀ ਖ਼ਤਰੇ ਦੀ ਸੰਭਾਵਨਾ ਸਿਖਰ ’ਤੇ ਹੈ ਤਾਂ ਅਜਿਹੇ ਮੌਕੇ ਡੀਜੀਪੀ ਪੰਜਾਬ ਨੂੰ ਸੂਬੇ ਦੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਬੇਬੁਨਿਆਦ ਜਾਂਚ ਦੇ ਕੰਮ ਲਾਇਆ ਜਾ ਰਿਹੈ। ਤੁਸੀਂ ਮੇਰੀ ਵਜ਼ਾਰਤ ਵਿੱਚ ਮੰਤਰੀ ਰਹੇ, ਪਰ ਉਦੋਂ ਤੁਸੀਂ ਕਦੇ ਵੀ ਅਰੂਸਾ ਆਲਮ ਦੀ ਸ਼ਿਕਾਇਤ ਨਹੀਂ ਕੀਤੀ।
ਉਹ ਪਿਛਲੇ 16 ਸਾਲਾਂ ਤੋਂ ਭਾਰਤ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਨਾਲ ਆ ਰਹੀ ਹੈ। ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐੱਨਡੀਏ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠਜੋੜ ਦੀ ਇਸ ਅਰਸੇ ਦੌਰਾਨ ਪਾਕਿਸਤਾਨ ਦੀ ਆਈਐੱਸਆਈ ਨਾਲ ਅੰਦਰਖਾਤੇ ਮਿਲੀਭੁਗਤ ਸੀ।’’ ਇਸ ਦੇ ਕੁਝ ਹੀ ਸਮੇਂ ਬਾਅਦ ਰੰਧਾਵਾ ਨੇ ਜਾਂਚ ਬਾਰੇ ਯੂ-ਟਰਨ ਲੈ ਲਿਆ ਤੇ ਇਸ ਜਾਂਚ ਨੂੰ ਅੰਤਰ ਰਾਸ਼ਟਰੀ ਮੁੱਦਾ ਆਖ ਕੇ ਗੱਲ ਨਿਬੇੜ ਦਿੱਤੀ।
ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਅਰੂਸਾ ਦੀ ਸੋਨੀਆ ਗਾਂਧੀ ਨਾਲ ਫੋਟੋ ਸ਼ੇਅਰ ਕੀਤੀ ਗਈ ਹੈ, ਇਹ ਫੋਟੋ ਪੁਰਾਣੀ ਹੈ। ਰੰਧਾਵਾ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਪਤਾ ਹੈ ਕਿ ਮੈਂ ਕਦੇ ਅਰੂਸਾ ਆਲਮ ਨਾਲ ਡਿਨਰ ਨਹੀਂ ਕੀਤਾ ਹੈ ।




