ਪੰਜਾਬ ‘ਚ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਿਹਤ ਢਾਂਚਾ ਮਜਬੂਤ ਕਰਨ ਦੀ ਜਰੂਰਤ : ਨੀਲ ਗਰਗ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨੀਲ ਗਰਗ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਵਿੱਤ ਮੰਤਰੀ ਤੇ ਸਿਹਤ ਵਿਭਾਗ ਦੀ ਵਿਸੇਸ ਮੀਟਿੰਗ ਸੱਦਣ ਅਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਵਿਸੇਸ ਬਜਟ ਪ੍ਰਬੰਧਾਂ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ।
ਇੱਕ ਬਿਆਨ ਰਾਹੀਂ ਨੀਲ ਗਰਗ ਨੇ ਕਿਹਾ ਕਿ ਪੰਜਾਬ ‘ਚ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਿਹਤ ਢਾਂਚਾ ਮਜਬੂਤ ਕਰਨ ਦੀ ਜਰੂਰਤ ਹੈ। ਇਸ ਲਈ ਮੁੁੱਖ ਮੰਤਰੀ ਵਿਸੇਸ ਬਜਟ ਪ੍ਰਬੰਧਾਂ ਦਾ ਐਲਾਨ ਕਰਨ, ਜਿਸ ਨਾਲ ਹਸਪਤਾਲਾਂ ‘ਚ ਸਿਹਤ ਸਹੂਲਤਾਂ ਦਾ ਵਿਕਾਸ, ਨਵੀਆਂ ਭਰਤੀਆਂ ਕਰਨ ਸਮੇਤ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਸਰਕਾਰੀ ਹਸਪਤਾਲਾਂ ਵਿੱਚ ਉਚ ਪੱਧਰੀ ਸਿਹਤ ਸਹੂਲਤਾਂ ਨਾ ਹੋਣ ਕਾਰਨ ਡਾਕਟਰ ਅਸਤੀਫੇ ਦੇ ਰਹੇ ਹਨ, ਜੋ ਬਹੁਤ ਮੰਦਭਾਗਾ ਹੈ। ਡਾਕਟਰਾਂ ਸਮੇਤ ਹੋਰ ਮੈਡੀਕਲ ਸਟਾਫ ਦਾ ਮਨੋਬਲ ਟੁੱਟਣ ਤੋਂ ਬਚਾਇਆ ਜਾਵੇ ਸਰਕਾਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ।
ਨੀਲ ਗਰਗ ਨੇ ਕਿਹਾ ਕਿ ਸਿਰਫ਼ ਆਕਸੀਜਨ ਉਤਪਾਦਨ ਨੂੰ ਤਰਜੀਹੀ ਖੇਤਰ ਦਾ ਦਰਜ਼ਾ ਦੇਣ ਨਾਲ ਨਹੀਂ, ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਨਾਲ ਹੀ ਕੋਰੋਨਾ ਨਾਲ ਲੜਿਆ ਜਾ ਸਕਦਾ ਹੈ। ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਮੱਦੇਨਜਰ ਪੰਜਾਬ ਸਰਕਾਰ ਨੂੰ ਸਿਹਤ ਦੇ ਖੇਤਰ ਪ੍ਰਤੀ ਆਪਣੇ ਰਵੱਈਏ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਨਿੱਜੀ ਹਸਪਤਾਲ ਕੋਰੋਨਾ ਦੇ ਮਰੀਜ ਤੋਂ ਲੱਖਾਂ ਰੁਪਏ ਇਲਾਜ ਦੇ ਨਾਂ ‘ਤੇ ਲੈ ਰਹੇ ਹਨ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਵੈਂਟੀਲੇਟਰ ਨਿਜੀ ਹਸਪਤਾਲਾਂ ਨੂੰ ਦਿੱਤੇਂ ਜਾ ਰਹੇ ਹਨ। ਲੱਖਾਂ ਰੁਪਏ ਦੇ ਇਲਾਜ ਆਮ ਲੋਕਾਂ ਦੀ ਜੇਬ੍ਹ ਤੋਂ ਬਾਹਰ ਹਨ।






