ਪਾਲੀ “ਗਿੱਦੜਬਾਹਾ”

ਕਹਿ ਰਚਨਾ ਕੋਈ ਕਮਾਲ,ਪਰ ਮੌਲਿਕ ਹੋਵੇ
ਭਾਵੇਂ ਦੇਸੀ ਜਿਹਾ ਖ਼ਿਆਲ,ਪਰ ਮੌਲਿਕ ਹੋਵੇ
ਕੀ ਹੋਇਆ ਉਲਝੇ ਬੈਠੇ ਹੋ ਸ਼ਾਇਰ ਜੀ
ਚੱਲ ਬੁਣ ਸ਼ਬਦਾਂ ਦਾ ਜਾਲ਼,ਪਰ ਮੌਲਿਕ ਹੋਵੇ
ਬਹਿਰ ਵਜ਼ਨ ਜਾਂ ਤੰਗ ਕਾਫ਼ੀਆ ਚੱਲ ਜੂਗਾ
ਕੋਈ ਸਸਤਾ ਮਹਿੰਗਾ ਮਾਲ ਪਰ ਮੌਲਿਕ ਹੋਵੇ
ਮਾਂ, ਭੈਣ ਜਾਂ ਧੀ ਦਾ ਨਾਮ ਨਾਂ ਆਵੇ ਵਿੱਚ
ਚੱਲ ਦੇ ਲੈ ਮੈਨੂੰ ਗਾਲ਼,ਪਰ ਮੌਲਿਕ ਹੋਵੇ
ਸੰਸਦ ਮੂਹਰੇ ਜਾਂ ਮੰਦਰ ਵਿੱਚ ਲਿਟ ਮੂਧਾ
ਚੱਲ ਜਿਹੜੀ ਮਰਜ਼ੀ ਚਾਲ,ਪਰ ਮੌਲਿਕ ਹੋਵੇ
ਸਾਹਵਾਂ ਵਿੱਚ ਸੁਹੱਪਣ ਭਰ ਲੈ ਤੂੰ “ਪਾਲੀ”
ਜ਼ਿੰਦਗੀ ਜਿਉਂ ਕਈ ਸਾਲ,ਪਰ ਮੌਲਿਕ ਹੋਵੇ
ਪਾਲੀ “ਗਿੱਦੜਬਾਹਾ”
Pali Gidderbaha






