
ਕਾਬੂ ਕੀਤੇ ਦੋਨੋ ਅਰੋਪੀਆ ਤੋ ਕਈ ਹੋਰ ਘਟਨਾਵਾ ਦੇ ਖੁਲਾਸੇ ਹੋਣ ਦੀ ਉਮੀਦ
ਮੋਗਾ (ਹੈੱਪੀ ਢੰਡ)ਬੀਤੇ ਦਿਨੀ ਪੁਲਿਸ ਦੀ ਨਾਕੇਬੰਦੀ ਦੋਰਾਨ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਨਾਕੇ ਤੇ ਖੜੇ ਮੁਲਾਜਮ ਤੇ ਗੋਲੀ ਚਲਾਕੇ ਉਸ ਨੂੰ ਜਖਮੀ ਕਰ ਦਿੱਤਾ ਸੀ। ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਨਾ ਅਰੋਪੀਆ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕਰਕੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋ ਕਾਬੂ ਕੀਤੇ ਅਰੋਪੀਆ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਅਦਾਲਤ ਵੱਲੋ ਉਹਨਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧ ਵਿਚ ਅੱਜ ਪੱਤਰਕਾਰਾ ਨੂੰ ਜਾਨਕਾਰੀ ਦਿੰਦਿਆ ਐਸ.ਐਸ.ਪੀ ਮੋਗਾ ਧਰੂਮਨ ਐਚ ਨਿੰਬਾਲੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜਿਲਾ ਮੋਗਾ ਪੁਲਿਸ ਵੱਲੋ 5 ਸਤੰਬਰ ਨੂੰ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕਰਵਾਈ ਜਾ ਰਹੀ ਸੀ। ਜਿਸ ਦੇ ਤਹਿਤ ਥਾਣਾ ਸਦਰ ਮੋਗਾ ਦੇ ਪੁਲਿਸ ਕਰਮਚਾਰੀਆਂ ਵੱਲੋ ਹੱਦ ਨਾਕਾ ਦਾਰਾਪੁਰ ਤੇ ਫਰੀਦਕੋਟ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇਬੰਦੀ ਤੇ ਹੋਲਦਾਰ ਪਰਮਜੀਤ ਸਿੰਘ ਪੁਲਿਸ ਕਰਮਚਾਰੀਆਂ ਦੀ ਚੈਕਿੰਗ ਕਰਨ ਲਈ ਮੌਜੂਦ ਸੀ ਤਾਂ ਇੱਕ ਮੋਟਰਸਾਇਕਲ ਸਪਲੈਂਡਰ ਪਲੱਸ ਰੰਗ ਕਾਲਾ ਨੰਬਰੀ ਪੀ.ਬੀ. 05-ਜੇ (30) 0143 ਜਿਸਤੇ ਆ ਰਹੇ ਦੋ ਮੋਨੇ ਨੌਜਵਾਨਾਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ, ਜਿਸ ਤੇ ਉਨਾਂ ਵੱਲੋ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ ਕੀਤੀ, ਜਿਸ ਤੇ ਨਾਕਾ ਕਰਮਚਾਰੀਆਂ ਦੁਆਰਾ ਉਨਾਂ ਨੂੰ ਰੋਕਣ ਦੀ ਕੋਸ਼ਿਸ ਕਰਨ ਤੇ ਮੋਟਰਸਾਈਕਲ ਤੇ ਪਿੱਛੇ ਬੈਠੇ ਇਕ ਵਿਅਕਤੀ ਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਕੀਤਾ ਗਿਆ, ਜੋ ਹੋਲਦਾਰ ਪਰਮਜੀਤ ਸਿੰਘ ਦੀ ਲੱਤ ਵਿੱਚ ਲੱਗਾ ਅਤੇ ਉਹ ਜਖਮੀ ਹੋ ਗਿਆ। ਜਿਸ ਤੋ ਬਾਅਦ ਨਾਕੇ ਦੇ ਬਾਕੀ ਕਰਮਚਾਰੀਆਂ ਵੱਲੋ ਬੜੀ ਮੇਹਨਤ ਕਰਕੇ ਦੋਹਾ ਅਰੋਪੀਆ ਦਾ ਪਿੱਛਾ ਕਰਕੇ ਕਾਬੂ ਕਰਨ ਤੇ ਓਹਨਾ ਪਾਸੋ 1 ਪਿਸਟਲ ਮਾਰਕਾ 7.65 ਐਮ.ਐਮ., 2 ਮੌਗਜੀਨ, 1 ਖਾਲੀ ਖੋਲ ਅਤੇ 6 ਰੋਂਦ ਜਿੰਦਾ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਹਮਲਾ ਕਰਨ ਵਾਲੇ ਅਰੋਪੀਆ ਦੀ ਪਹਿਚਾਣ ਦਰਸ਼ਨ ਸਿੰਘ ਉਰਫ ਕਾਲਾ, ਰਣਜੀਤ ਸਿੰਘ ਵਾਸੀ ਕੋਰੇਵਾਲਾ ਕਲਾਂ ਅਤੇ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਭਾਗਥਲਾ ਕਲਾਂ (ਫਰੀਦਕੋਟ) ਵਜੋਂ ਹੋਈ ਹੈ ਅਤੇ ਦੋਵੇ ਅਰੋਪੀਆ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਉਨਾਂ ਦੀ ਮੁਲਾਕਾਤ ਪੰਜਾਬ ਦੇ ਏ ਕੈਟਾਗਿਰੀ ਦੇ ਗੈਂਗਸਟਰ ਨਵਦੀਪ ਸਿੰਘ ਉਰਫ ਨਵੀ ਉਰਫ ਜੋਨ ਬੁੱਟਰ ਵਾਸੀ ਬੁੱਟਰ ਕਲਾਂ ਨਾਲ ਫਰੀਦਕੋਟ ਜੇਲ ਵਿੱਚ ਹੋਈ ਸੀ, ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਤਕਰੀਬਨ 25 ਮਾਮਲੇ ਦਰਜ ਹਨ ਅਤੇ ਇਸ ਵੇਲੇ ਓਹ ਮੋਡਰਨ ਜੇਲ ਫਰੀਦਕੋਟ ਵਿੱਚ ਬੰਦ ਹੈ। ਗੈਂਗਸਟਰ ਨਵਦੀਪ ਸਿੰਘ ਉਰਫ ਨਵੀ ਉਰਫ ਜੋਨ ਬੁੱਟਰ ਦੁਆਰਾ ਇਹ ਅਸਲਾ ਉਹਨਾ ਨੂੰ ਕੋਈ ਆਪਣਾ ਨਿਜੀ ਕੰਮ ਕਰਵਾਉਣ ਲਈ ਲੈ ਕੇ ਦਿੱਤਾ ਗਿਆ ਸੀ। ਦੋਸ਼ੀ ਦਰਸ਼ਨ ਸਿੰਘ ਉਰਫ ਕਾਲਾ ਖਿਲਾਫ ਮੋਗਾ, ਫਰੀਦਕੋਟ ਅਤੇ ਫਿਰੋਜਪੁਰ ਵਿਖੇ 4 ਮਾਮਲੇ ਦਰਜ ਹਨ ਅਤੇ ਉਹ 29 ਜੁਲਾਈ ਨੂੰ ਜੇਲ ਤੋ ਬਾਹਰ ਆਇਆ ਹੈ ਅਤੇ ਅਰੋਪੀ ਨਿਰਮਲ ਸਿੰਘ ਉਰਫ ਨਿੰਮਾ ਖਿਲਾਫ ਥਾਣਾ ਸਦਰ ਫਰੀਦਕੋਟ ਵਿਖੇ ਇਕ ਮਾਮਲਾ ਦਰਜ ਹੈ, ਉਹ ਮਿਤੀ 5 ਜੁਲਾਈ ਨੂੰ ਜੇਲ ਵਿਚੋਂ ਬਾਹਰ ਆਇਆ ਹੈ। ਅਰੋਪੀਆ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋ ਕਾਬੂ ਕੀਤੇ ਦੋਨੋ ਅਰੋਪੀਆ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵੱਲੋ ਉਹਨਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।





