ਇਸ ਖੂਨਦਾਨ ਕੈਂਪ ਦਾ ਆਯੋਜਨ ਪਿੰਡ ਮੀਨੀਆ ਦੇ ਨੌਜਵਾਨਾਂ ਦਾ ਸ਼ਲਾਘਾਯੋਗ ਉਪਰਾਲਾ : ਇੰ: ਸੰਦੀਪ ਸਿੰਘ

ਮੋਗਾ/ਬੱਧਨੀ/ਨਿਹਾਲ ਸਿੰਘ ਵਾਲਾ (ਹੈਪੀ-ਹਰਪਾਲ) : ਪੰਜਾਬ ਪੁਲਿਸ ਦੇ ਸ਼ਹੀਦ ਕਰਮਚਾਰੀ ਜਗਮੋਹਨ ਸਿੰਘ ਮਾਣੂਕੇ ਦੀ ਯਾਦ ਵਿੱਚ ਸਮਾਜ ਸੇਵਾ ਕਲੱਬ ਮੀਨੀਆ ਵੱਲੋਂ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਮੀਨੀਆ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ 91 ਨੌਜਵਾਨ ਮਰਦ ਅਤੇ ਔਰਤਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਥਾਣਾ ਬੱਧਨੀ ਕਲਾਂ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਰੋਨਾ ਕਾਲ, ਜਦੋਂ ਆਪਣੇ ਹੀ ਆਪਣਿਆਂ ਨੂੰ ਪਹਿਚਾਨਣ ਅਤੇ ਸਾਂਭਣ ਤੋਂ ਇਨਕਾਰੀ ਹੋ ਗਏ ਹਨ, ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਪਿੰਡ ਮੀਨੀਆ ਦੇ ਨੌਜਵਾਨਾਂ ਦਾ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਕਰੋਨਾ ਕਾਰਨ ਬਲੱਡ ਬੈਂਕ ਲਗਭਗ ਖਾਲੀ ਹਨ, ਜਿਸ ਕਾਰਨ ਐਮਰਜੰਸੀ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਲੋਕ ਸਮਾਜ ਦੇ ਅਸਲ ਹੀਰੋ ਹੁੰਦੇ ਹਨ ਜੋ ਆਪਣੇ ਸਰੀਰ ਵਿੱਚੋਂ ਖੂਨਦਾਨ ਕਰਕੇ ਕਿਸੇ ਦੀ ਜਿੰਦਗੀ ਬਚਾਉਣ ਦਾ ਦਮ ਰੱਖਦੇ ਹਨ। ਉਹਨਾਂ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ਰੀ ਨਹੀਂ ਆਉੰਦੀ ਬਲਕਿ ਸਰੀਰ ਪਹਿਲਾਂ ਨਾਲੋਂ ਵੀ ਵੱਧ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਮਰਦ ਜਾਂ ਔਰਤ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ ਤੇ ਉਸ ਨੂੰ ਕੋਈ ਗੰਭੀਰ ਰੋਗ ਨਹੀਂ ਹੈ, ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਨਾਲ ਸਾਡੇ ਛੇ ਗੰਭੀਰ ਬਿਮਾਰੀਆਂ ਦੇ ਟੈਸਟ ਬਿਲਕੁਲ ਮੁਫਤ ਹੋ ਜਾਂਦੇ ਹਨ। ਇਸ ਲਈ ਸਾਨੂੰ ਕਦੇ ਵੀ ਮੌਕਾ ਮਿਲਣ ਤੇ ਖੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਹਨਾਂ ਇਹ ਵੀ ਦੱਸਿਆ ਕਿ ਕਰੋਨਾ ਦਾ ਪਹਿਲਾ ਜਾਂ ਦੂਸਰਾ ਟੀਕਾ ਲੱਗਣ ਦੇ ਦੋ ਹਫਤੇ ਬਾਅਦ ਅਸੀਂ ਖੂਨਦਾਨ ਕਰਨ ਦੇ ਯੋਗ ਹੁੰਦੇ ਹਾਂ। ਕਲੱਬ ਆਗੂ ਦਿਲਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਇੰ: ਸੰਦੀਪ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਪੁਲਿਸ ਕਰਮਚਾਰੀਆਂ, ਰੂਰਲ ਐੱਨ ਜੀ ਓ ਮੋਗਾ ਦੇ ਅਹੁਦੇਦਾਰਾਂ, ਐਨ ਆਰ ਆਈ ਵੀਰਾਂ, ਨਗਰ ਪੰਚਾਇਤ, ਬਲੱਡ ਬੈਂਕ ਮੋਗਾ ਦੀ ਟੀਮ, ਗੁਰਦੁਆਰਾ ਕਮੇਟੀ, ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਅਤੇ ਨਗਰ ਦੇ ਨੌਜਵਾਨਾਂ ਦਾ ਕੈਂਪ ਵਿੱਚ ਪਹੁੰਚਣ ਅਤੇ ਇਸ ਨੂੰ ਕਾਮਯਾਬ ਬਨਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਕਲੱਬ ਵਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਸੁੱਖਾ, ਸਰਪੰਚ ਜਗਸੀਰ ਸਿੰਘ, ਹਰਮਨ ਬੱਲ, ਡਾ ਤਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਬ ਇੰਸਪੈਕਟਰ ਜਗਨਦੀਪ ਸਿੰਘ, ਲਵਪ੍ਰੀਤ ਲਾਪੀ, ਜੀਵਨ ਬੱਧਨੀ, ਗੁਰਜੀਤ ਗੰਜੀ, ਗੁਰਜੀਤ ਕੈਲਪੁਰ, ਹਰਜਿੰਦਰ ਬਿੱਲਾ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਬਲੱਡ ਬੈਂਕ ਮੋਗਾ ਵੱਲੋਂ ਡਾ ਰੀਤੂ ਜੈਨ, ਸਟੀਫਨ ਸਿੱਧੂ, ਜੋਬਨਵੰਤ ਸਿੰਘ, ਕਮਲਦੀਪ ਸਿੰਘ, ਨਰਿੰਦਰ ਕੌਰ ਅਤੇ ਸੰਗੀਤ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕੇ ਭਰ ਦੇ ਨੌਜਵਾਨ ਹਾਜਰ ਸਨ।





