ਭਾਜਪਾ ਦੇ ਨੇਤਾਵਾਂ ਵੱਲੋਂ ਬੇਤੁਕੇ ਬਿਆਨਾਂ ਰਾਹੀਂ ਕਿਸਾਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨੀ ਅੰਦੋਲਨ ਨੂੰ ਦਬਾਉਣ ਲਈ ਭਾਜਪਾ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ। ਆਏ ਦਿਨ ਹੀ ਭਾਜਪਾ ਦੇ ਨੇਤਾਵਾਂ ਵੱਲੋਂ ਬੇਤੁਕੇ ਬਿਆਨਾਂ ਰਾਹੀਂ ਕਿਸਾਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਜਸਪਾਲ ਸਿੰਘ ਗੁੜੱਦੀ ਨੇ ਦੋਸ਼ ਲਗਾਇਆ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆੜ੍ਹਤੀਆਂ ‘ਤੇ ਇਨਕਮ ਟੈਕਸ ਦੇ ਛਾਪੇ ਮਰਵਾ ਕੇ ਬਹੁਤ ਘਿਨੌਣਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਹਰ ਵਰਗ ਨੂੰ ਦਬਾਇਆ ਜਾ ਰਿਹਾ ਹੈ ਅਤੇ ਆਪਣੇ ਚਹੇਤੇ ਅੰਬਾਨੀਆਂ ਅੰਡਾਨੀਆਂ ਹੱਥ ਦੇਸ਼ ਨੂੰ ਵੇਚਣ ‘ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਾ ਧਨ ਵਾਪਸ ਲਿਆਉਣ ਦਾ ਬਹਾਨਾ ਬਣਾ ਕੇ ਨੋਟ ਬੰਦੀ ਕਰਨਾ ਵੀ ਮੋਦੀ ਦੀ ਇੱਕ ਚਾਲ ਹੀ ਸੀ ਜਿਸਦਾ ਪੂਰਾ ਪੂਰਾ ਫਾਇਦਾ ਵੱਡੇ ਘਰਾਣਿਆਂ ਨੂੰ ਦਿੱਤਾ ਗਿਆ। ਸ: ਜਸਪਾਲ ਸਿੰਘ ਨੇ ਕਿਹਾ ਕਿ ਐਸ. ਵਾਈ. ਐਲ. ਨਹਿਰ ਦਾ ਮੁੱਦਾ ਉਠਾ ਕੇ ਵੀ ਹਰਿਆਣਾ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਜ ਪੰਜਾਬ ਤੇ ਹਰਿਆਣਾ ਦੇ ਲੋਕ ਇਹ ਸਮਝ ਗਏ ਹਨ ਕਿ ਕਿਵੇਂ ਰਾਜਸੀ ਨੇਤਾ ਇਨ੍ਹਾਂ ਵਿਚਕਾਰ ਫੁੱਟ ਪਾ ਕੇ ਆਪਣਾ ਫਾਇਦਾ ਕਰਦੇ ਰਹੇ। ਕਿਸਾਨੀ ਸੰਘਰਸ਼ ਵਿੱਚ ਪੰਜਾਬ ਦੇ ਨਾਲ ਹਰਿਆਣਾ, ਯੂ. ਪੀ., ਰਾਜਸਥਾਨ ਤੇ ਹੋਰ ਰਾਜਾਂ ਦਾ ਸਾਥ ਦੇਣਾ ਸ਼ਲਾਘਾਯੋਗ ਹੈ। ਸਾਰੇ ਰਾਜਾਂ ਦੇ ਕਿਸਾਨਾਂ ਨੂੰ ਇਕੱਠੇ ਹੁੰਦੇ ਦੇਖ ਹੀ ਭਾਜਪਾ ਵੱਲੋਂ ਸ਼ਰਾਰਤੀ ਅਨਸਰਾਂ ਰਾਹੀਂ ਕਿਸਾਨੀ ਅੰਦੋਲਨ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਇਸ ਸੰਘਰਸ਼ ਨੂੰ ਜਿੱਤ ਕੇ ਹੀ ਪਰਤਣਗੇ। ਇਸ ਮੌਕੇ ਮੈਂਬਰ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਸੱਤੀ ਸਿੰਘ ਸੈਲਰ ਵਾਲੇ, ਸਾਬਕਾ ਸਰਪੰਚ ਜੀਤ ਸਿੰਘ, ਕਲੱਬ ਪ੍ਰਧਾਨ ਜਗਸੀਰ ਸਿੰਘ, ਬੱਬੂ ਟੈਲੀਕਾਮ ਆਦਿ ਹਾਜ਼ਰ ਸਨ।






