ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਹੋਈਆਂ ਨਤਮਸਤਕ ।

ਤਰਨ ਤਾਰਨ (ਜਸਵੀਰ ਸਿੰਘ) : ਪੁੱਤਰਾਂ ਦੇ ਦਾਨੀ, ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਝਬਾਲ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਅੱਜ ਤੋਂ ਆਰੰਭ ਹੋ ਗਿਆ ਹੈ । ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਅੱਜ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਜੀਵਨ ਸਫ਼ਲਾ ਕੀਤਾ। ਇਹ ਜੋੜ ਮੇਲਾ 7 ਅਕਤੂਬਰ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦੇਂਦੇ ਹੋਏ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਤਨਾਮ ਸਿੰਘ ਅਤੇ ਹੈੱਡ ਗ੍ਰੰਥੀ ਬਾਬਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਇਸ ਅਸਥਾਨ ਤੇ ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਅਰਦਾਸ ਕਰਵਾਈ ਸੀ। ਜਿਸ ਦਿਨ ਇਹ ਅਰਦਾਸ ਕੀਤੀ ਗਈ ਸੀ। ਉਸ ਦਿਨ ਨੂੰ ਸਮਰਪਿਤ ਹਰ ਸਾਲ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ ਅਤੇ ਲੰਗਰ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਜੋੜ ਮੇਲੇ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਕੇ ਮਨਾਇਆ ਜਾ ਰਿਹਾ ਹੈ। ਮੈਨੇਜਰ ਸਤਨਾਮ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਤੋਂ ਉਪਰੰਤ ਸੁਨਹਿਰੀ ਪਾਲਕੀ ਵਿਖੇ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਜੋੜ ਮੇਲੇ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ ਜੱਥਿਆਂ ਵੱਲੋਂ ਧਾਰਮਿਕ ਦੀਵਾਨ ਵੀ ਸਜਾਏ ਜਾ ਰਹੇ ਹਨ।






