ਫਿਰੋਜ਼ਪੁਰ/ਚੰਡੀਗਡ਼੍ਹ

ਇਸ ਵੇਲੇ ਦੀ ਵੱਡੀ ਖ਼ਬਰ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਕਾਲੀ ਲੀਡਰ ਅਤੇ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਮੁੰਡਿਆਂ ਦੀ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਸੈਸ਼ਨ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ।
ਦੱਸਣਾ ਬਣਦਾ ਹੈ ਕਿ ਇੱਕ ਨੌਜਵਾਨ ‘ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਦਾ ਦੋਸ਼ ਅਕਾਲੀ ਵਿਧਾਇਕ ਜਿੰਦੂ ਦੇ ਮੁੰਡੇ ਸੁਰਿੰਦਰ ਸਿੰਘ ਬੱਬੂ ਜੋ ਕੇ ਕੈਂਟ ਬੋਰਡ ਦੇ ਸਾਬਕਾ ਉਪ ਪ੍ਰਧਾਨ ਹਨ ਅਤੇ ਉਨ੍ਹਾਂ ਦੇ ਭਰਾ ਰੋਹਿਤ ਡੱਬੂ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਲੋਕਾਂ ਉਪਰ ਲੱਗਿਆ ਸੀ।
ਜਿਸ ਤੋਂ ਬਾਅਦ ਫ਼ਿਰੋਜ਼ਪੁਰ ਪੁਲਸ ਦੇ ਵੱਲੋਂ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਪੁਲਸ ਵੱਲੋਂ ਸਾਬਕਾ ਵਿਧਾਇਕ ਦੇ ਮੁੰਡਿਆਂ ਦੀ ਗ੍ਰਿਫਤਾਰੀ ਲਈ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਸੀ। ਪਰ ਨਾ ਉਨ੍ਹਾਂ ਦੇ ਫੋਨ ਮਿਲ ਰਹੇ ਸਨ ਅਤੇ ਨਾ ਹੀ ਉਹ ਕਿਤੇ ਦਿਸੇ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੱਲੋਂ ਜ਼ਮਾਨਤ ਅਰਜ਼ੀ ਸੈਸ਼ਨ ਕੋਰਟ ਵਿੱਚ ਲਗਾਈ ਗਈ ਸੀ, ਜਿਸ ਨੂੰ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਗੁਰਪ੍ਰੀਤ ਸਿੰਘ ਦੀ ਅੰਤਰਿਮ ਪੇਸ਼ਗੀ ਜ਼ਮਾਨਤ ਕੋਰਟ ਦੇ ਵੱਲੋਂ ਮਨਜ਼ੂਰ ਕਰ ਲਈ ਗਈ ਹੈ।






