
ਕੈਨੇਡਾ : ਕੋਵਿਡ-19 ਰੋਕੂ ਵੈਕਸੀਨ ਸਬੰਧੀ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਅਮਰੀਕਾ ਨੂੰ ਕੈਨੇਡਾ ਨਾਲ ਜੋੜਨ ਵਾਲੇ ਇਕ ਵੱਡੇ ਸਰਹੱਦੀ ਪੁਲ ਤੋਂ ਆਪਣੇ ਵਾਹਨ ਹਟਾ ਦਿੱਤੇ। ਹਾਲਾਂਕਿ, ਪੁਲ ਤੱਕ ਪਹੁੰਚ ਅਜੇ ਵੀ ਬੰਦ ਹੈ, ਜਦਕਿ ਰਾਜਧਾਨੀ ਸਮੇਤ ਕਈ ਕੈਨੇਡੀਅਨ ਸ਼ਹਿਰਾਂ ਵਿਚ ਪ੍ਰਦਰਸ਼ਨ ਤੇਜ਼ ਹੋ ਹਏ ਹਨ। ਪੁਲਸ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ੇ ਹਟਾਉਣ ਲਈ ਹੋਰ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰ ਰਹੇ ਹਨ।
ਡੈਟ੍ਰੋਇਟ ਅਤੇ ਵਿੰਡਸਰ ਨੂੰ ਜੋੜਨ ਵਾਲੇ ਅੰਬੈਸਡਰ ਬ੍ਰਿਜ ‘ਤੇ ਟਕਰਾਅ, ਉਦੋਂ ਥੋੜ੍ਹਾ ਘੱਟ ਹੋਇਆ, ਜਦੋਂ ਕੈਨੇਡੀਅਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਦੇ ਟਰੱਕਾਂ ਨੂੰ ਹਟਾਉਣ ਲਈ ਮਨਾ ਲਿਆ।
ਉਨ੍ਹਾਂ ਨੇ ਇਸ ਵਿਅਸਤ ਅੰਤਰਰਾਸ਼ਟਰੀ ਕਰਾਸਿੰਗ ਦੇ ਦਾਖ਼ਲੇ ਨੂੰ ਰੋਕਣ ਲਈ ਟਰੱਕਾਂ ਦੀ ਵਰਤੋਂ ਕੀਤੀ ਸੀ।
ਹਾਲਾਂਕਿ, ਪ੍ਰਦਰਸ਼ਨਕਾਰੀ ਨੇੜਲੇ ਸਥਾਨ ‘ਤੇ ਇਕੱਠੇ ਹੋ ਗਏ ਅਤੇ ਸ਼ਨੀਵਾਰ ਦੇਰ ਤੱਕ ਕੈਨੇਡਾ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ।
ਓਟਾਵਾ ਵਿਚ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ 4,000 ਹੋ ਗਈ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਫੌਜ ਬੁਲਾਏ ਜਾਣ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ।
ਟਰੂਡੋ ਦੇ ਦਫ਼ਤਰ ਨੇ ਸ਼ਨੀਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਾਰਡਰ ਕ੍ਰਾਸਿੰਗ ਬੰਦ ਨਹੀਂ ਰਹਿ ਸਕਦੀ ਅਤੇ ਸਾਰੇ ਵਿਕਲਪਾਂ ‘ਤੇ ਵਿਚਾਰ ਕੀਤਾ ਗਿਆ ਹੈ।’
ਪੁਲਸ ਨੇ ਇਕ ਬਿਆਨ ਜਾਰੀ ਕਰਕੇ ਪ੍ਰਦਰਸ਼ਨ ਨੂੰ ਗੈਰ-ਕਾਨੂੰਨੀ ਕਬਜ਼ਾ ਦੱਸਿਆ ਅਤੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਹੋਰ ਪੁਲਸ “ਦਲ” ਦੇ ਆਉਣ ਦੀ ਉਡੀਕ ਕਰ ਰਹੀ ਹੈ।




