ਘਰੇਲੂ ਸੇਵਕਾਂ ਦੀ ਗਿਣਤੀ ਦਾ ਡਾਟਾ ਤਿਆਰ ਕਰਨ ਦੇ ਸਰਕਾਰ ਦੇ ਫੈਸਲੇ ਦੀ ਇੰਟਕ ਸ਼ਲਾਘਾ ਕਰਦੀ ਹੈ।- ਵਿਜੇ ਧੀਰ

ਮੋਗਾ (ਹਰਪਾਲ ਸਹਾਰਨ) : ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਅੱਜ ਇੰਟਕ ਨਾਲ ਸਬੰਧਤ ਘਰੇਲੂ ਸੇਵਕ ਯੂਨੀਅਨ ਦੀ ਬੀਬੀ ਸਵਰਨ ਕੌਰ ਨੂੰ ਵਾਰਡ ਨੰਬਰ 27 ਬੁੱਕਣ ਵਾਲਾ ਰੋਡ ਦੀ ਵਾਰਡ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਜ਼ਿਲ੍ਹਾ ਇੰਟਕ ਮੀਤ ਪ੍ਰਧਾਨ ਵਿਜੇ ਛਪਰੀ, ਜ਼ਿਲ੍ਹਾ ਸਲਾਹਕਾਰ ਅਨਿਲ ਜਾਦਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਨਿਯੁਕਤ ਕੀਤੇ ਗਏ ਵਾਰਡ ਪ੍ਰਧਾਨ ਬੀਬੀ ਸਵਰਨ ਕੌਰ ਨੂੰ ਫੁੱਲ ਮਾਲਾਵਾਂ ਪਹਿਣਾ ਕੇ ਇੰਟਕ ਆਗੂਆਂ ਨੇ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਘਰੇਲੂ ਸੇਵਕਾਂ ਦੀ ਗਿਣਤੀ ਦਾ ਡਾਟਾ ਤਿਆਰ ਕਰਨ ਦਾ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਜਿਹੜਾ ਸ਼ਲਾਘਾ ਯੋਗ ਕਦਮ ਹੈ। ਧੀਰ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਸਾਲ 2017 ਵਿੱਚ ਜ਼ਿਲ੍ਹਾ ਇੰਟਕ ਨੇ ਜ਼ਿਲ੍ਹਾ ਮੋਗਾ ਵਿੱਚ ਘਰੇਲੂ ਸੇਵਕ ਯੂਨੀਅਨ ਦੇ ਨਾਮ ਹੇਠ ਘਰੇਲੂ ਸੇਵਕਾਂ ਦਾ ਸੰਗਠਨ ਬਣਾਇਆ ਸੀ। ਧੀਰ ਨੇ ਕਿਹਾ ਕਿ ਦੇਸ਼ ਵਿੱਚ ਘਰੇਲੂ ਸੇਵਕਾਂ ਦੀ ਕੁੱਲ ਗਿਣਤੀ ਦਾ ਕੋਈ ਡਾਟਾ ਅੱਜ ਤੱਕ ਸਰਕਾਰ ਪਾਸ ਨਹੀਂ ਹੈ। ਧੀਰ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਮਹੀਨੇ ਤੋਂ ਇਨ੍ਹਾਂ ਘਰੇਲੂ ਸੇਵਕਾਂ ਦੀ ਗਿਣਤੀ ਕਰਨ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਧੀਰ ਨੇ ਕਿਹਾ ਕਿ ਇਨ੍ਹਾਂ ਘਰੇਲੂ ਸੇਵਕਾਂ ਦੀ ਗਿਣਤੀ ਦਾ ਡਾਟਾ ਤਿਆਰ ਹੋਣ ਉਪਰੰਤ ਹੀ ਇਨ੍ਹਾਂ ਨੂੰ ਮਿਨੀਮਮ ਵੇਜਿਜ਼ ਕਨੂੰਨ ਤਹਿਤ ਲਿਆਂਦਾ ਜਾ ਸਕਦਾ ਹੈ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ। ਇਸ ਮੌਕੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਇੰੰਟਕ ਸਾਲ 2017 ਤੋਂ ਘਰੇਲੂ ਸੇਵਕਾਂ ਦੇ ਸਮਾਰਟ ਕਾਰਡ ਬਣਾਉਣ ਅਤੇ ਇਨ੍ਹਾਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨਿਲ ਕੁਮਾਰ, ਦੀਪ ਸਿੰਘ, ਕਰਤਾਰ ਸਿੰਘ, ਕਿਸ਼ਨ ਲਾਲ, ਰੇਖਾ, ਬਿੰਦੂ, ਸੋਨੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।





