ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਅਫਸੋਸ ਰਹੇਗਾ ਕਿ ਸਰਕਾਰ ਵਿੱਚ ਹੁੰਦੇ ਹੋਏ ਉਹ ਕਿਸਾਨਾਂ ਲਈ ਲਿਆਂਦੇ ਜਾ ਰਹੇ ਕਾਨੂੰਨ ਬਾਰੇ ਸਰਕਾਰ ਨੂੰ ਨਹੀਂ ਸਮਝਾ ਸਕੇ। ਉਹ ਵੀਰਵਾਰ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਦਿੱਲੀ ਵਿਖੇ ਜਾਨ ਗਵਾਉਣ ਵਾਲੇ ਧੰਨਾ ਸਿੰਘ ਦੇ ਘਰ ਹਮਦਰਦੀ ਪ੍ਰਗਟਾਉਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ। ਜਿਸ ਕਰ ਕੇ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਵਾਰ ਵਾਰ ਅਸਫਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਧੰਨਾ ਸਿੰਘ ਅਤੇ ਹੋਰਾਂ ਨੇ ਆਪਣੀਆਂ ਜਾਨਾਂ ਗਵਾ ਲਈਆਂ। ਜਿਸ ਦਾ ਫਿਕਰ ਅਕਾਲੀ ਦਲ ਨੇ ਦਿਲੋਂ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਮੁੱਖ ਮੰਤਰੀਆਂ ਦੀ ਦਿੱਲੀ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਤਖਤ ਕਰ ਕੇ ਹਾਮੀ ਭਰੀ ਸੀ ਅਤੇ ਹੁਣ ਕਿਸਾਨਾਂ ਦੇ ਹਮਦਰਦ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਣੌਤੀ ਦਿੱਤੀ ਕਿ ਜੇਕਰ ਕੈਪਟਨ ਨੂੰ ਕਿਸਾਨਾਂ ਦੀ ਪ੍ਰਵਾਹ ਹੈ ਤਾਂ ਉਹ ਅਕਾਲੀ ਦਲ ਵਾਂਗ ਕੁਰਸੀ ਛੱਡ ਕੇ ਅਸਤੀਫਾ ਦੇਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੇ ਪਰਚੇ ਦਰਜ ਕਰ ਅਤੇ ਅੱਥਰੂ ਗੈਸ ਦੇ ਗੋਲੇ ਸਿੱਟ ਕੇ ਕਿਸਾਨਾਂ ਤੇ ਜੁਲਮ ਕੀਤਾ ਹੈ। ਮੋਦੀ ਤੇ ਖੱਟਰ ਸਰਕਾਰ ਨੂੰ ਔਰੰਗਜੇਬ ਦੀ ਸਰਕਾਰ ਦੱਸਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਸ ਸਰਕਾਰ ਤੋਂ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਪਰਿਵਾਰ ਦੇ ਪਰਿਵਾਰ ਸੰਘਰਸ਼ਾਂ ਵਿੱਚ ਜਾ ਕੇ ਸ਼ਹੀਦੀਆਂ ਪਾ ਰਹੇ ਹਨ। ਉਹ ਕਿਸਾਨਾਂ ਦੇ ਜਜਬੇ ਨੂੰ ਸਲਾਮ ਕਰਨ ਲਈ ਉਨ੍ਹਾਂ ਦੇ ਪਰਿਵਾਰਾਂ ਕੋਲ ਆਏ ਹਨ। ਸਾਬਕਾ ਮੁੱਖ ਮੁਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਸ਼੍ਰੀ ਵਿਭੂਸ਼ਣ ਸਨਮਾਨ ਵਾਪਿਸ ਕਰਨ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਹਾਲਤ ਨੂੰ ਲੈ ਕੇ ਫਿਰਕਮੰਦ ਹੈ ਅਤੇ ਉਹ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਚਟਾਂਨ ਵਾਂਗ ਖੜਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਕਮਰਾ ਮੀਟਿੰਗਾਂ ਛੱਡ ਕੇ ਇਸ ਤੇ ਕੋਈ ਫੈਸਲਾ ਕਰਵਾਉਣਾ ਬਣਦਾ ਹੈ। ਇਸ ਮੌਕੇ ਸਾਬਕਾ ਸੰਸਦੀ ਸਕੱਦਰ ਜਗਦੀਪ ਸਿੰਘ ਨਕੱਈ, ਵਿਧਾਇਕ ਦਿਲਰਾਜ ਸਿੰਘ ਭੂੰਦੜ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਗੁਰਮੇਲ ਸਿੰਘ ਠੇਕੇਦਾਰ, ਸਿਮਰਜੀਤ ਕੌਰ ਸਿੰਮੀ, ਡਾ ਸੁਖਵੀਰ ਸਿੰਘ, ਮੁਖਤਿਆਰ ਸਿੰਘ, ਸੰਤ ਲਛਮਣ ਸਿੰਘ, ਪ੍ਰੇਮ ਸਿੰਘ ਚਹਿਲਾਂਵਾਲੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ ਆਦਿ ਹਾਜ਼ਰ ਸਨ।






