ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ 75 ਫੀਸਦੀ ਆਬਾਦੀ ਨੂੰ ਕਵਰ ਕੀਤਾ ਜਾਣਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਬਣਨ ਵਾਲੇ ਈ-ਕਾਰਡਾਂ ਸਬੰਧੀ ਜ਼ਿਲ੍ਹੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਨੂੰ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਮਾਨਸਾ ਡਾ. ਸੁਖਵਿੰਦਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ 75 ਫੀਸਦੀ ਆਬਾਦੀ ਨੂੰ ਕਵਰ ਕੀਤਾ ਜਾਣਾ ਹੈ ਅਤੇ ਵੱਧ ਤੋਂ ਵੱਧ ਲੋਕ ਆਪਣੇ ਈ-ਕਾਰਡ ਬਣਵਾ ਕੇ ਇਸ ਸਕੀਮ ਦਾ ਲਾਹਾ ਲੈ ਸਕਣ ਇਸ ਮੰਤਵ ਨਾਲ ਹੀ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਇੱਕ ਮਹੀਨੇ ਲਈ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਵਾਉਣ ਸਬੰਧੀ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਦੇ ਵਿਭਾਗਾਂ ਦੀਆਂ ਟੀਮਾਂ ਗਠਿਤ ਕਰਕੇ ਜਲਦ ਤੋਂ ਜਲਦ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਸਬੰਧੀ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਇਲਾਜ ਸੇਵਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਇਸ ਸਕੀਮ ਅਧੀਨ ਬੀ.ਪੀ.ਐਲ. ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ, ਵਪਾਰੀ ਅਤੇ ਪੱਤਰਕਾਰ ਆਦਿ ਸ਼ਾਮਿਲ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਮੰਨਜ਼ੂਰ ਸ਼ੁਦਾ ਸੈਂਟਰਾਂ ਤੋਂ ਹੀ ਈ-ਕਾਰਡ ਬਣਵਾਏ ਜਾਣ, ਤਾਂ ਜੋ ਕੋਈ ਵੀ ਅਸਮਾਜਿਕ ਕਿਸਮ ਦਾ ਵਿਅਕਤੀ ਲੋਕਾਂ ਤੋਂ ਵੱਧ ਪੈਸੇ ਵਸੂਲ ਕੇ ਜਾਅਲੀ ਕਾਰਡ ਨਾ ਬਣਾ ਸਕੇ।
ਸਿਵਲ ਸਰਜਨ ਸ਼੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਵੈਨ ਇਸ ਸਕੀਮ ਅਧੀਨ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰੇਗੀ ਅਤੇ ਯੋਗ ਲਾਭਪਾਤਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਵਾਉਣ ਲਈ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.), ਸੇਵਾ ਕੇਂਦਰਾਂ ਅਤੇ ਮਾਰਕਿਟ ਕਮੇਟੀਆਂ ਵਿੱਚ ਈ-ਕਾਰਡ ਬਣਾਏ ਜਾਣਗੇ।
ਇਸ ਮੌਕੇ ਐਸ.ਐਮ.ਓ. ਮਾਨਸਾ ਡਾ. ਹਰਚੰਦ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਸਿੰਘ ਰਾਏ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ, ਸ਼੍ਰੀ ਸੰਦੀਪ ਤਾਇਲ, ਸ਼੍ਰੀ ਗਿਰੀਨੰਦਨ, ਸ਼੍ਰੀਮਤੀ ਰੋਜ਼ਲੀਨ, ਸ਼੍ਰੀਮਤੀ ਜਸਪਾਲ ਕੌਰ ਅਤੇ ਆਸ਼ਾ ਵਰਕਰ ਸ਼ਾਮਿਲ ਸਨ।





